ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ’ਚੋਂ ਅੱਵਲ ਬੱਚੇ ਸਨਮਾਨਿਤ
ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ
Publish Date: Sun, 26 Apr 2026 05:10 PM (IST)
Updated Date: Mon, 27 Apr 2026 04:08 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਗਦਰ ਲਹਿਰ ਦੀ ਮਹਾਨ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਗਏ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਸਰਕਾਰੀ ਹਾਈ ਸਕੂਲ ਚੱਕ ਬਖਤੂ ਦੇ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਸਕੂਲ ’ਚ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਪ੍ਰੀਖਿਆ ਵਿੱਚੋਂ 7ਵੀਂ ਦੇ ਜਗਮੀਤ ਸਿੰਘ ਪੁੱਤਰ ਜਸਵੰਤ ਸਿੰਘ ਨੇ ਪਹਿਲਾ ਸਥਾਨ ਤੇ ਅੱਠਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਲਖਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ ਦਾ ਸੈੱਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਮੈਰਿਟ ’ਚ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਮੈਗਜ਼ੀਨ ਦੇ ਕੇ ਸਨਮਾਨਿਤ ਕੀਤਾ। ਪ੍ਰੀਖਿਆ ’ਚ ਸਹਿਯੋਗ ਦੇਣ ਵਾਲੀ ਅਧਿਆਪਕਾ ਹਰਦੀਪ ਕੌਰ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਤਰਕਸ਼ੀਲ ਸੁਸਾਇਟੀ ਵੱਲੋਂ ਵਿਦਿਆਰਥੀਆਂ ਦੇ ਉੱਦਮ ਤੇ ਮਿਹਨਤ ਦੀ ਪ੍ਰਸੰਸਾ ਕਰਦੀ ਵਿਗਿਆਨਿਕ ਚੇਤਨਾ ਪ੍ਰਚਾਰ-ਪਸਾਰ ਲਈ ਸਕੂਲ ਦੇ ਮੁਖੀ ਸ੍ਰੀਮਤੀ ਮੀਨਾਕਸ਼ੀ ਦੀ ਰਹਿਨੁਮਾਈ ਹੇਠ ਸਨਮਾਨ ਪੱਤਰ ਦਿੱਤੇ ਗਏ।
ਇਸ ਪ੍ਰੀਖਿਆ ਸਬੰਧੀ ਸਕੂਲ ਮੁਖੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸ ਵਹਿਮਾਂ ਭਰਮਾਂ, ਨਸ਼ਿਆਂ ਤੇ ਜ਼ਿੰਦਗੀ ਦੀਆਂ ਹੋਰ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਸਮੇਂ ਦੇ ਮੁੱਖ ਲੋੜ ਹੈ। ਅਜਿਹੀਆਂ ਵਿਗਿਆਨਿਕ ਚੇਤਨਾ ਪ੍ਰੀਖਿਆਵਾਂ ਬੇਹੱਦ ਜਰੂਰੀ ਹਨ। ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਕਰਮਜੀਤ ਤੇ ਹਰਮੇਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਕੁਝ ਮਿਹਨਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਅੰਧ ਵਿਸ਼ਵਾਸ਼ ਫੈਲਾ ਕੇ ਦੁਕਾਨਾਂ ਚਲਾਉਣ ਵਾਲੇ ਢੋਂਗੀਆਂ ਦੇ ਪਿੱਛੇ ਲੱਗ ਕੇ ਨਹੀਂ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਅਜਿਹੀਆ ਪ੍ਰੀਖਿਆਵਾਂ ਕਰਾਉਣ ਦਾ ਇੱਕੋ-ਇਕ ਉਦੇਸ਼ ਬੱਚਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਵਾਲੇ ਮਹਾਨ ਨਾਇਕਾਂ ਨੂੰ ਯਾਦ ਕਰਨ ਤੇ ਵਿਗਿਆਨ ਨਾਲ ਜੋੜ ਕੇ ਨਰੋਈ ਜਿੰਦਗੀ ਜਿਉਣ ਦਾ ਜੀਵਨ ਵੱਲ ਸਿਖਾਉਣਾ ਹੈ।