ਆਵਾਰਾ ਕੁੱਤਿਆਂ ਨੇ ਗਰੀਬ ਕਿਸਾਨ ਦੀਆਂ ਦੋ ਦਰਜਨ ਬੱਕਰੀਆਂ ਮਾਰੀਆਂ
ਰਾਮਾਂ ਮੰਡੀ ਅਵਾਰਾ ਕੁੱਤਿਆਂ ਦਾ ਕਹਿਰ: ਆਵਾਰਾ ਕੁੱਤਿਆਂ ਨੇ ਗਰੀਬ ਕਿਸਾਨ ਦੀਆਂ ਦਰਜਨਾਂ ਬੱਕਰੀਆਂ ਮਾਰੀਆਂ
Publish Date: Sat, 25 Apr 2026 08:22 PM (IST)
Updated Date: Sun, 26 Apr 2026 04:20 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਰਾਮਾਂ ਮੰਡੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਇੱਥੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਗਰੀਬ ਕਿਸਾਨ ਦੀਆਂ ਲਗਭਗ ਦੋ ਦਰਜਨ (24) ਬੱਕਰੀਆਂ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਰਾਮਸਰਾ ਪੁੱਲ ਤੋਂ ਟਾਊਨਸ਼ਿਪ ਰਿਫਾਇਨਰੀ ਵੱਲ ਜਾਣ ਵਾਲੀ ਸੜਕ ‘ਤੇ ਸਥਿਤ ਢਾਣੀ ਵਿੱਚ ਵਾਪਰੀ, ਜਿਸ ਨਾਲ ਸਥਾਨਕ ਵਸਨੀਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੀੜਤ ਕਿਸਾਨ ਰੂਪ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੀ ਰੋਜ਼ੀ-ਰੋਟੀ ਨੂੰ ਕਮਾਉਣ ਲਈ ਕਰਜ਼ਾ ਲੈ ਕੇ ਬੱਕਰੀਆਂ ਪਾਲ ਰਿਹਾ ਸੀ। ਉਸ ਨੇ ਕਿਹਾ ਕਿ ਸਵੇਰੇ ਜਦੋਂ ਉਹ ਆਪਣਾ ਕੰਮ ਕਰ ਰਿਹਾ ਸੀ, ਉਸਨੇ ਆਵਾਰਾ ਕੁੱਤਿਆਂ ਦਾ ਇਕ ਝੁੰਡ ਆਪਣੇ ਵਾੜੇ ’ਚ ਦਾਖਲ ਹੁੰਦੇ ਹੋਏ ਦੇਖਿਆ। ਕੁੱਤਿਆਂ ਨੇ ਸਿੱਧਾ ਉਸ ਦੀਆਂ ਬੱਕਰੀਆਂ ਤੇ ਹਮਲਾ ਕੀਤਾ ਅਤੇ ਇਕ-ਇਕ ਕਰਕੇ ਬੱਕਰੀਆਂ ਨੂੰ ਨੋਚ-ਨੋਚ ਕੇ ਮਾਰ ਦਿੱਤੀਆਂ। ਪੂਰੀ ਘਟਨਾ ਤੋਂ ਬਾਅਦ ਰੂਪ ਸਿੰਘ ਤੇ ਉਸਦਾ ਪਰਿਵਾਰ ਸਦਮੇ ਵਿਚ ਹੈ। ਰੂਪ ਸਿੰਘ ਨੇ ਰੋਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ ਉਸ ਦੀਆਂ ਬੱਕਰੀਆਂ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਸਾਡੀ ਜਿੰਦਗੀ ਦਾ ਮਤਲਬ ਖਤਮ ਕਰਨ ਵਾਲੀ ਘਟਨਾ ਹੈ, ਜਿਸ ਨਾਲ ਉਸ ਦੀ ਆਰਥਿਕ ਹਾਲਤ ਹੋਰ ਮਾੜੀ ਹੋ ਜਾਵੇਗੀ। ਮੌਕੇ ਤੇ ਪੁੱਜੇ ਪਿੰਡ ਰਾਮਸਰਾ ਦੇ ਸਰਪੰਚ ਸਰਦੂਲ ਸਿੰਘ ਦੀ ਹਾਜ਼ਰੀ ਵਿਚ ਪੁਲਿਸ ਕਰਮਚਾਰੀਆਂ ਨਾਲ ਘਟਨਾ ਦੀ ਜਾਂਚ ਕੀਤੀ। ਸਰਪੰਚ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਅਤੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।