ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ’ਚੋਂ ਅੱਵਲ ਬੱਚੇ ਸਨਮਾਨਿਤ
ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਅਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ
Publish Date: Sat, 25 Apr 2026 07:23 PM (IST)
Updated Date: Sun, 26 Apr 2026 04:16 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋਂ ਕਰਵਾਏ ਗਏ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਸਰਕਾਰੀ ਹਾਈ ਸਕੂਲ ਚੱਕ ਬਖਤੂ ਦੇ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਸਕੂਲ ਵਿੱਚ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੀਖਿਆ ਵਿੱਚੋਂ ਸੱਤਵੀਂ ਜਮਾਤ ਦੇ ਜਗਮੀਤ ਸਿੰਘ ਪੁੱਤਰ ਜਸਵੰਤ ਸਿੰਘ ਨੇ ਪਹਿਲਾ ਸਥਾਨ ਅਤੇ ਅੱਠਵੀਂ ਜਮਾਤ ਦੀ ਵਿਦਿਆਰਥਨ ਅਮਨਦੀਪ ਕੌਰ ਪੁੱਤਰੀ ਲਖਵੀਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ ਦਾ ਸੈੱਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਮੈਰਿਟ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਤਰਕਸ਼ੀ ਸੋਸਾਇਟੀ ਪੰਜਾਬ ਦਾ ਮੈਗਜੀਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀਖਿਆ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੀ ਅਧਿਆਪਕਾ ਹਰਦੀਪ ਕੌਰ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤਰਕਸ਼ੀਸ ਸੋਸਾਇਟੀ ਵੱਲੋਂ ਵਿਦਿਆਰਥੀਆਂ ਦੇ ਉੱਦਮ ਅਤੇ ਮਿਹਨਤ ਦੀ ਪ੍ਰਸੰਸਾ ਕਰਦੀ ਵਿਗਿਆਨਿਕ ਚੇਤਨਾ ਪ੍ਰਚਾਰ ਪਸਾਰ ਲਈ ਸਕੂਲ ਦੇ ਮੁਖੀ ਸ੍ਰੀਮਤੀ ਮੀਨਾਕਸ਼ੀ ਦੀ ਰਹਿਨੁਮਾਈ ਹੇਠ ਸਨਮਾਨ ਪੱਤਰ ਦਿੱਤੇ ਗਏ। ਇਸ ਪ੍ਰੀਖਿਆ ਸਬੰਧੀ ਸਕੂਲ ਮੁਖੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁਗ ਵਿੱਚ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸ ਵਹਿਮਾਂ ਭਰਮਾਂ, ਨਸ਼ਿਆਂ, ਅਤੇ ਜ਼ਿੰਦਗੀ ਦੀਆਂ ਹੋਰ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਸਮੇਂ ਦੇ ਮੁੱਖ ਲੋੜ ਹੈ। ਅਜਿਹੀਆਂ ਵਿਗਿਆਨਿਕ ਚੇਤਨ ਪ੍ਰੀਖਿਆਵਾਂ ਬਹੱਦ ਜਰੂਰੀ ਹਨ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਕਰਮਜੀਤ ਅਤੇ ਹਰਮੇਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਕੁਝ ਮਿਹਨਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਅੰਧ ਵਿਸ਼ਵਾਸ਼ ਫੈਲਾ ਕੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਢੋਂਗੀਆਂ ਪਿੱਛੇ ਲੱਗ ਕੇ ਨਹੀਂ। ਉਹਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਅਜਿਹੀਆ ਪ੍ਰੀਖਿਆਵਾਂ ਕਰਾਉਣ ਦਾ ਇੱਕੋ ਇੱਕ ਮਕਸਦ ਬੱਚਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਵਾਲੇ ਮਹਾਨ ਨਾਇਕਾਂ ਨੂੰ ਯਾਦ ਕਰਨ ਅਤੇ ਵਿਗਿਆਨ ਨਾਲ ਜੋੜ ਕੇ ਨਰੋਈ ਜਿੰਦਗੀ ਜਿਉਣ ਦਾ ਜੀਵਨ ਵੱਲ ਸਿਖਾਉਣਾ ਹੈ।