ਬਠਿੰਡਾ ਬੱਸ ਅੱਡੇ ਬਾਰੇ ਸਰਕਾਰੀ ਨੁਮਾਇੰਦਿਆਂ ਦੇ ਮਿਲੇ ਭਰੋਸੇ ਤੋਂ ਬਾਅਦ ਸੰਘਰਸ਼ ਖ਼ਤਮ
ਬਠਿੰਡਾ ਬੱਸ ਅੱਡਾ ਮੁੱਦਾ: ਸਰਕਾਰ ਦੇ ਸਕਾਰਾਤਮਕ ਰੁਖ਼ ਮਗਰੋਂ ਸੰਘਰਸ਼ ਨੂੰ ਵਿਰਾਮ
Publish Date: Sat, 25 Apr 2026 06:40 PM (IST)
Updated Date: Sun, 26 Apr 2026 04:13 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੇ ਵਿਰੋਧ ਵਿੱਚ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸੰਘਰਸ਼ ਅਖ਼ੀਰਕਾਰ ਸਰਕਾਰ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਖਤਮ ਹੋ ਗਿਆ ਹੈ। ਅੰਬੇਡਕਰ ਪਾਰਕ ’ਚ ਲਗਾਤਾਰ ਡਟੇ ਸ਼ਹਿਰ ਦੇ ਟਰਾਂਸਪੋਰਟਰਾਂ, ਵਪਾਰੀਆਂ, ਵਿਦਿਆਰਥੀਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰੀ ਨੁਮਾਇੰਦਿਆਂ ਵੱਲੋਂ ਦਿੱਤੇ ਭਰੋਸੇ 'ਤੇ ਵਿਸ਼ਵਾਸ ਜਤਾਉਂਦਿਆਂ ਆਪਣਾ ਪੱਕਾ ਧਰਨਾ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਅੰਦੋਲਨ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਬੱਸ ਅੱਡੇ ਨੂੰ ਸ਼ਹਿਰ ਦੇ ਅੰਦਰੋਂ ਹਟਾ ਕੇ ਬਾਹਰ ਲਿਜਾਣ ਦੀ ਤਿਆਰੀ ਕੀਤੀ ਸੀ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸ ਫੈਸਲੇ ਵਿਰੁੱਧ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਅਤੇ ਇਹ ਦਲੀਲ ਦਿੱਤੀ ਕਿ ਨਵੀਂ ਪ੍ਰਸਤਾਵਿਤ ਜਗ੍ਹਾ ਸ਼ਹਿਰ ਤੋਂ ਦੂਰ ਸੁੰਨਸਾਨ ਇਲਾਕੇ ਵਿੱਚ ਹੈ। ਇਲਾਕਾ ਇਹੋ ਜਿਹਾ ਜਿੱਥੇ ਕਈ ਤਰ੍ਹਾਂ ਦੇ ਜ਼ਬਿਰੀਲੇ ਤੱਤ ਮੌਜੂਦ ਹਨ। ਜੋ ਲੋਕਾਂ ਦੀ ਸਿਹਤ ਲਈ ਘਾਤਕ ਹੋ ਸਕਦੀ ਹਨ। ਸ਼ੁੱਕਰਵਾਰ ਨੂੰ ਸਾਬਕਾ ਮੇਅਰ ਪਦਮਜੀਤ ਵੱਲੋਂ ਇਹ ਭਰੋਸਾ ਦਿੱਤਾ ਕਿ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਨਹੀਂ ਲਿਜਾਇਆ ਜਾਵੇਗਾ, ਜਿਸ ਤੋਂ ਬਾਅਦ ਅੰਦੋਲਨਕਾਰੀਆਂ ਨੇ ਸੰਘਰਸ਼ ਨੂੰ ਵਿਰਾਮ ਦੇਣ ਦਾ ਐਲਾਨ ਕੀਤਾ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਇਹ ਇਕ ਸਾਲ ਲੋਕਾਂ ਦੀ ਏਕਤਾ ਦੀ ਮਿਸਾਲ ਰਿਹਾ ਹੈ। ਗੁਰਪ੍ਰੀਤ ਆਰਟਿਸਟ ਤੇ ਸੰਦੀਪ ਬਾਬੀ ਨੇ ਸਰਕਾਰ ਦੇ ਇਸ ਰੁਖ਼ ਦਾ ਸਵਾਗਤ ਕਰਦਿਆਂ ਕਿਹਾ ਕਿ ਜਨਤਾ ਦੀ ਆਵਾਜ਼ ਨੇ ਅਖ਼ੀਰ ਆਪਣਾ ਅਸਰ ਦਿਖਾਇਆ ਹੈ। ਸੰਦੀਪ ਅਗਰਵਾਲ ਨੇ ਵੀ ਸ਼ਹਿਰਵਾਸੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਜਲਦੀ ਹੀ ਇਸ ਭਰੋਸੇ ਨੂੰ ਅੰਤਿਮ ਫੈਸਲੇ ਵਿੱਚ ਬਦਲੇਗੀ। ਹਾਲਾਂਕਿ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੀ ਜੱਦੋ-ਜਹਿਦ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਸ਼ਾਸਨ ਤਕ ਪਹੁੰਚਾਉਣ ਦੀ ਸੀ, ਜਿਸ ਵਿੱਚ ਉਹ ਸਫਲ ਰਹੇ ਹਨ।