ਮਰਹੂਮ ਸੀਐੱਮ ਬਾਦਲ ਨੂੰ ਤੀਜੀ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਟ
ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤੀਜੀ ਬਰਸੀ ਮੌਕੇ ਸ੍ਰੋਮਣੀ ਅਕਾਲੀ ਦਲ ਵੱਲੋ ਸ਼ਰਧਾ ਸੁਮਨ ਭੇਂਟ
Publish Date: Sat, 25 Apr 2026 05:09 PM (IST)
Updated Date: Sun, 26 Apr 2026 04:07 AM (IST)

-ਪ੍ਰਕਾਸ਼ ਸਿੰਘ ਬਾਦਲ ਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣਗੇ ਪ੍ਰੇਰਨਾਸਰੋਤ : ਜੱਗਾ ਕਲਿਆਣ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਨੀਵਾਰ ਨੂੰ ਤੀਜੀ ਬਰਸੀ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਦੀ ਅਗਵਾਈ ਹੇਠ ਅਕਾਲੀ ਆਗੂਆਂ ਤੇ ਵਰਕਰਾਂ ਨੇ ਬਾਦਲ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਦਾ ਸੰਕਲਪ ਲਿਆ। ਜੱਗਾ ਕਲਿਆਣ ਨੇ ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਸਿਰਫ਼ ਇਕ ਸਿਆਸਤਦਾਨ ਨਹੀਂ ਸਨ, ਸਗੋਂ ਉਹ ਪੰਥ, ਪੰਜਾਬ ਤੇ ਪੰਜਾਬੀਅਤ ਦੇ ਅਸਲ ਰਖਵਾਲੇ ਸਨ। ਉਨ੍ਹਾਂ ਨੇ ਸਾਰੀ ਜ਼ਿੰਦਗੀ ਲੋਕ ਸੇਵਾ ਲਈ ਸਮਰਪਿਤ ਕੀਤੀ। ਉਨ੍ਹਾਂ ਨੇ ਗਰੀਬ ਤੇ ਕਿਸਾਨ ਵਰਗ ਦੀ ਆਵਾਜ਼ ਬਣੇ ਰਹੇ। ਜੱਗਾ ਕਲਿਆਣ ਨੇ ਕਿਹਾ ਕਿ ਬਾਦਲ ਸਾਹਿਬ ਦੀ ਅਗਵਾਈ ਹੇਠ ਪੰਜਾਬ ਨੇ ਵਿਕਾਸ ਤੇ ਤਰੱਕੀ ਦੇ ਨਵੇਂ ਮਿਆਰ ਸਥਾਪਿਤ ਕੀਤੇ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਸੂਬੇ ਵਿੱਚ ਸੜਕਾਂ, ਬਿਜਲੀ, ਪਾਣੀ ਤੇ ਕਿਸਾਨਾਂ ਲਈ ਕਈ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਦੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਢਾਂਚਾਗਤ ਵਿਕਾਸ ਨੂੰ ਵੱਡਾ ਬਲ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸੰਭਾਲਣ ਲਈ ਵੀ ਅਹਿਮ ਯੋਗਦਾਨ ਦਿੱਤਾ। ਪਾਰਟੀ ਵਰਕਰਾਂ ਨੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਵਚਨ ਲਿਆ। ਅੰਤ ’ਚ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਦੇ ਦਿਖਾਏ ਰਸਤੇ ’ਤੇ ਚੱਲਦਿਆਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗਾ। ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿਣ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜੇਕਰ ਰਾਜਨੀਤੀ ਦਾ ਬਾਬਾ ਬੋਹੜ ਕਿਹਾ ਜਾਵੇ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਵੇਗੀ। ਉਨ੍ਹਾਂ ਦੇ ਪੰਜਾਬੀ, ਪੰਜਾਬੀਅਤ ਅਤੇ ਪੰਥ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।