ਪਤੀ-ਪਤਨੀ ਵੱਲੋਂ 12 ਲੱਖ ਠੱਗਣ ’ਤੇ ਕੇਸ ਦਰਜ
ਪਤੀ-ਪਤਨੀ ਵੱਲੋਂ 12 ਲੱਖ ਰੁਪਏ ਦੀ ਠੱਗੀ; ਮਾਮਲਾ ਦਰਜ
Publish Date: Sat, 25 Apr 2026 05:04 PM (IST)
Updated Date: Sun, 26 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਰਗਣ, ਬਠਿੰਡਾ : ਤਲਵੰਡੀ ਸਾਬੋ ਵਿਖੇ ਇੱਕ ਜੋੜੇ ਵੱਲੋਂ ਕਾਰੋਬਾਰ ਵਿੱਚ ਨਿਵੇਸ਼ ਕਰਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਕਤ ਪਤੀ-ਪਤਨੀ ਦੇ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਵਸਨੀਕ ਮੋਹਨੇਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ। ਉਕਤ ਪਤੀ-ਪਤਨੀ ਨੇ ਪੀੜਤ ਵਿਅਕਤੀ ਨੂੰ ਬਿਜ਼ਨੈਸ ਵਿੱਚ ਨਿਵੇਸ਼ ਕਰਵਾ ਕੇ ਮੋਟਾ ਮੁਨਾਫ਼ਾ ਦਿਵਾਉਣ ਦਾ ਝਾਂਸਾ ਦਿੱਤਾ ਤੇ ਉਸ ਨਾਲ ਕਰੀਬ 12 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨ ਅਨੁਸਾਰ ਕਥਿਤ ਦੋਸ਼ੀਆਂ ਨੇ ਪੀੜਤ ਨੂੰ ਆਪਣੇ ਕਾਰੋਬਾਰੀ ਪ੍ਰੋਜੈਕਟ ਵਿੱਚ ਪੈਸੇ ਲਗਾਉਣ ਲਈ ਰਾਜ਼ੀ ਕੀਤਾ ਸੀ ਤੇ ਵੱਖ-ਵੱਖ ਸਮੇਂ ’ਤੇ ਉਸ ਕੋਲੋਂ 12 ਲੱਖ 10 ਹਜਾਰ ਰੁਪਏ ਕਾਰੋਬਾਰ ਵਿੱਚ ਲਗਵਾ ਦਿੱਤੇ। ਪਰ ਜਦੋਂ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਪੀੜਤ ਨੂੰ ਨਾ ਤਾਂ ਕੋਈ ਮੁਨਾਫ਼ਾ ਮਿਲਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ, ਤਾਂ ਉਸਨੇ ਆਪਣੇ ਪੈਸਿਆਂ ਦੀ ਮੰਗ ਕੀਤੀ। ਇਸ ’ਤੇ ਮੁਲਜ਼ਮਾਂ ਨੇ ਪੈਸੇ ਮੋੜਨ ਦੀ ਬਜਾਏ ਪੀੜਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਅਧਿਕਾਰੀ ਸ.ਥ. ਜਗਦੀਸ਼ ਸਿੰਘ ਅਨੁਸਾਰ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕਥਿਤ ਦੋਸ਼ੀ ਨਵਦੀਪ ਸਿੰਘ ਅਤੇ ਉਸਦੀ ਪਤਨੀ ਸਿਮਰਨ ਕੌਰ ਵਾਸੀ ਤਲਵੰਡੀ ਸਾਬੋ ਖਿਲਾਫ ਧੋਖਾਧੜੀ ਕਰਨ ਦੀਆਂ ਧਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਕਤ ਪਤੀ ਪਤਨੀ ਦੀ ਭਾਲ ਕੀਤੀ ਜਾ ਰਹੀ ਹੈ।