ਪੈਸਟੀਸਾਈਡ ਅਤੇ ਆੜ੍ਹਤੀਆਂ ਦੀਆਂ ਦੁਕਾਨਾਂ 27 ਅਪ੍ਰੈਲ ਨੂੰ ਬੰਦ ਰਹਿਣਗੀਆਂ

ਮਨਦੀਪ ਸਿੰਘ ਮੱਕੜਾ, ਪੰਜਾਬੀ ਜਾਗਰਣ, ਗੋਨਿਆਣਾ : ਆਲ ਇੰਡੀਆ ਐਗਰੋ ਇਨਪੁਟ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਮੋਹਨ ਕਲੰਤਰੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 27 ਅਪ੍ਰੈਲ ਨੂੰ ਕਾਰੋਬਾਰ ਬੰਦ ਕਰਕੇ ਇਕ ਦਿਨ ਦੀ ਸੰਕੇਤਕ ਹੜਤਾਲ ਦਾ ਸੱਦਾ ਦਿੱਤਾ। ਪੰਜਾਬ ਫਰਟੀਲਾਈਜ਼ਰ, ਪੈਸਟੀਸਾਈਡਜ਼ ਐਂਡ ਸੀਡਜ਼ ਐਸੋਸੀਏਸ਼ਨ ਯੂਨਿਟ ਗੋਨਿਆਣਾ ਦੇ ਸਮੂਹ ਡੀਲਰਾਂ ਵੱਲੋਂ ਪ੍ਰਧਾਨ ਬਵਨੀਸ਼ ਮੋਂਗਾ ਦੀ ਅਗਵਾਈ ਹੇਠ ਆਪਣੇ ਕਾਰੋਬਾਰ ਬੰਦ ਕਰਕੇ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬਵਨੀਸ਼ ਮੌਂਗਾ ਨੇ ਦੱਸਿਆ ਕਿ ਕੰਪਨੀਆਂ ਵੱਲੋਂ ਯੂਰੀਆ ਸਮਾਨ ਸਪਲਾਈ ਦੌਰਾਨ ਟੈਗਿੰਗ ਬੰਦ ਹੋਵੇ, ਸੀਲਬੰਦ ਪੈਕਿੰਗ ਦਾ ਸੈਂਪਲ ਫ਼ੇਲ੍ਹ ਹੋਣ ’ਤੇ ਕੇਸ ਵਿੱਚ ਡੀਲਰ ਨੂੰ ਮੁੱਖ ਦੋਸ਼ੀ ਬਣਾਉਣ ਦੀ ਬਜਾਏ ਡੀਲਰ ਨੂੰ ਗਵਾਹ ਦਾ ਦਰਜਾ ਦੇਣ ਤੇ ਕੇਸ ਦਰਜ ਵਸਤੂ ਬਣਾਉਣ ਵਾਲੇ ’ਤੇ ਹੋਣਾ ਚਾਹੀਦਾ ਹੈ, ਬੀਜ ਸਾਥੀ ਦਾ ਪੋਰਟਲ ਕੰਪਨੀ ਤਕ ਹੀ ਸੀਮਤ ਕਰਨ ਅਤੇ ਡੀਲਰ ਮਾਰਜ਼ਨ ਨੂੰ ਵਧਾਉਣ ਸਬੰਧੀ ਮੰਗਾਂ ਪੂਰੀਆਂ ਕਰਵਾਉਣ ਲਈ ਇਹ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਯੂਰੀਆ ਖਾਦ ਦੇ ਨਾਲ ਜੋ ਟੈਗਿੰਗ ਕੀਤੀ ਜਾਂਦੀ ਹੈ, ਉਹ ਬੇਲੁੜੀਂਦਾ ਹੈ, ਇਸ ਨਾਲ ਡੀਲਰ ਦਾ ਵੀ ਨੁਕਸਾਨ ਹੁੰਦਾ ਹੈ ਤੇ ਕਿਸਾਨ ’ਤੇ ਵੀ ਖਾਦ ਖਰੀਦਣ ਸਮੇਂ ਫ਼ਾਲਤੂ ਬੋਝ ਪੈ ਜਾਂਦਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਡੀਲਰਾਂ ਦੀਆਂ ਮੰਗਾਂ ਜੋ ਬਹੁਤ ਲੰਮੇ ਸਮੇਂ ਤੋਂ ਲਟਕੀਆਂ ਪਈਆਂ ਹਨ ਜੇਕਰ ਸਮਾਂ ਰਹਿੰਦੇ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਦਿਨੋਂ ਦਿਨ ਡੀਲਰ ਆਪਣਾ ਵਪਾਰ ਛੱਡਣ ਲਈ ਮਜਬੂਰ ਹੋ ਰਹੇ ਹਨ ਅਤੇ ਕਈ ਦੁਕਾਨਦਾਰ ਤਾਂ ਇਹ ਕਾਰੋਬਾਰ ਬੰਦ ਵੀ ਕਰ ਚੁੱਕੇ ਹਨ। ਕਾਫੀ ਸਮੇਂ ਤੋਂ ਰੀਟੇਲਰ, ਕੰਪਨੀਆਂ ਅਤੇ ਕਿਸਾਨਾਂ ਵਿਚਕਾਰ ਇਕ ਰੀੜ੍ਹ ਦੀ ਹੱਡੀ ਵਾਂਗ ਆਪਣੀ ਭੂਮਿਕਾ ਨਿਭਾ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬਵਨੀਸ਼ ਮੌਂਗਾ ਨੇ ਨਾਲ ਹੀ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਲੋੜੀਂਦਾ ਸਮਾਨ ਖ਼ਰੀਦਣਾ ਹੈ ਉਹ ਅੱਜ ਸ਼ਨੀਵਾਰ ਤੇ ਐਤਵਾਰ ਨੂੰ ਲੈ ਸਕਦੇ ਹਨ। ਇਸ ਦੌਰਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਰਾਜੂ ਨੇ ਕਿਹਾ ਕਿ 27 ਅਪ੍ਰੈਲ ਨੂੰ ਆਲ ਇੰਡੀਆ ਐਗਰੋ ਇਨਪੁਟ ਡੀਲਰਜ਼ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਹੜਤਾਲ ਦੌਰਾਨ ਪੰਜਾਬ ਫਰਟੀਲਾਈਜ਼ਰ, ਪੈਸਟੀਸਾਈਡਜ਼ ਐਂਡ ਸੀਡਜ਼ ਐਸੋਸੀਏਸ਼ਨ ਯੂਨਿਟ ਗੋਨਿਆਣਾ ਦਾ ਪੂਰਨ ਤੌਰ ’ਤੇ ਹਮਾਇਤ ਕਰਦਿਆਂ ਗੋਨਿਆਣਾ ਦੇ ਸਾਰੇ ਆੜ੍ਹਤੀਆ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਪਾਰੀਆਂ ਦੇ ਮਗਰ ਪੈ ਚੁੱਕੀ ਹੈ। ਸਾਨੂੰ ਕੇਂਦਰ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਲੈਕਮੇਲ ਕੀਤਾ ਜਾਂਦਾ ਹੈ ਕਿ ਤੁਸੀਂ ਯੂਰੀਆ ਖਾਦ ਦੇ ਨਾਲ ਨੈਨੋ ਵਰਗੀਆਂ ਹੋਰ ਵਸਤਾਂ ਵੀ ਨਾਲ ਖਰੀਦੋ। ਇਸ ਮੌਕੇ ਉਨ੍ਹਾਂ ਨਾਲ ਦਿਲਪ੍ਰੀਤ ਸਿੰਘ ਮੱਕੜ, ਅਰੁਣ ਸਿੰਗਲਾ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।