ਨਰਮੇ ਦੀ ਕਾਸ਼ਤ ਲਈ ਬੀਟੀ ਕਾਟਨ ਸਪਲਾਇਰਾਂ ਨਾਲ ਬੈਠਕ
ਨਰਮੇ ਦੀ ਕਾਸ਼ਤ ਉਤਸ਼ਾਹਿਤ ਕਰਨ ਲਈ ਬੀਟੀ ਕਾਟਨ ਸਪਲਾਇਰਾਂ ਨਾਲ ਕੀਤੀ ਬੈਠਕ
Publish Date: Sat, 25 Apr 2026 04:53 PM (IST)
Updated Date: Sun, 26 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਖੇਤੀ ਭਵਨ ਬਠਿੰਡਾ ਵਿਖੇ ਸਮੂਹ ਬੀਟੀ ਕਾਟਨ ਸਪਲਾਇਰ ਫਰਮਾਂ ਨਾਲ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਦਾ ਮੁੱਖ ਮਕਸਦ ਕਿਸਾਨਾਂ ਲਈ ਮਿਆਰੀ ਬੀਜਾਂ ਦੀ ਉਪਲੱਬਧਤਾ ਯਕੀਨੀ ਬਣਾਉਣਾ ਸੀ। ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਬੀਜਾਂ ਦੀ ਸਪਲਾਈ ਕਿਸਾਨਾਂ ਦੀ ਮੰਗ ਅਨੁਸਾਰ ਨਿਰਵਿਘਨ ਅਤੇ ਸਮੇਂ-ਸਿਰ ਕੀਤੀ ਜਾਵੇ, ਤਾਂ ਜੋ ਨਰਮੇ ਹੇਠ ਆਉਣ ਵਾਲੇ ਰਕਬੇ ਲਈ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਰਹੇ। ਮੀਟਿੰਗ ਦੌਰਾਨ ਰਾਸੀ ਸੀਡਜ਼, ਅਜੀਤ ਸੀਡਜ਼, ਟਾਟਾ ਰੈਲਿਸ, ਮਹਿਕੋ, ਨੂਜ਼ੀਵਿਡੋ, ਸੁਪਰ ਸੀਡ, ਪ੍ਰਭਾਤ ਸੀਡਜ਼ ਅਤੇ ਅੰਕੁਰ ਸੀਡਜ਼ ਆਦਿ ਫਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਖੇਤੀਬਾੜੀ ਵਿਕਾਸ ਅਫਸਰ (ਬੀਜ) ਡਾ. ਸੁਖਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਿਸਾਨਾਂ ਨੂੰ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਮਾਣਿਤ ਹਾਈਬ੍ਰਿਡ ਬੀਜ ਹੀ ਉਪਲੱਬਧ ਕਰਵਾਏ ਜਾਣ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਾਰੇ ਬੀਜ ਨਿਰਧਾਰਤ ਮਿਆਰਾਂ ਅਤੇ ਐਕਟ ਦੇ ਨਿਯਮਾਂ ਅਨੁਸਾਰ ਹੋਣ। ਮੁੱਖ ਖੇਤੀਬਾੜੀ ਅਫਸਰ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਕੋਈ ਵੀ ਕੰਪਨੀ ਜਾਂ ਸੀਡ ਡੀਲਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਮਿਆਰੀ ਬੀਜਾਂ ਦੀ ਸਪਲਾਈ ਨੂੰ ਮੁੱਖ ਤਰਜੀਹ ਦਿੱਤੀ ਜਾਵੇ।