ਡੀਸੀ ਵੱਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨਾ ਸਾੜਨ ਦੀ ਅਪੀਲ
ਕਿਸਾਨ ਵੀਰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ, ਡਿਪਟੀ ਕਮਿਸ਼ਨਰ ਨੇ 4 ਮੋਬਾਈਲ ਵੈਨ ਕੀਤੀਆਂ ਰਵਾਨਾ
Publish Date: Sat, 25 Apr 2026 04:51 PM (IST)
Updated Date: Sun, 26 Apr 2026 04:05 AM (IST)

ਪੱਤਰ ਪ੍ਰੇਰਕ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ 4 ਮੋਬਾਈਲ ਜਾਗਰੂਕਤਾ ਵੈਨ ਰਵਾਨਾ ਕੀਤੀਆਂ ਜਿਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਖੇਤੀ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਇਹ ਜਾਗਰੂਕਤਾ ਵੈਨ ਰਾਵਾਂ ਕੀਤੀਆਂ ਗਈਆਂ ਹਨ। ਜਿਥੇ ਦੂਸ਼ਿਤ ਵਾਤਾਵਰਨ ਨਾਲ ਆਮ ਲੋਕ ਪਰੇਸ਼ਾਨ ਹੁੰਦੇ ਹਨ, ਓਥੇ ਨਾਲ ਹੀ ਕਿਸਾਨ ਵੀਰਾਂ ਨੂੰ ਵੀ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨ ਭਰਾ ਪਹਿਲਾਂ ਤੋਂ ਹੀ ਜਾਗਰੂਕ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਖੇਤੀਬਾੜੀ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਚ ਕਮੀ ਆਈ ਹੈ। ਸਾਰੇ ਜ਼ਿਲ੍ਹੇ ਦੇ ਬਲਾਕਾਂ 'ਚ ਇਹ ਵੈਨਾ ਜਾਣਗੀਆਂ। ਮੰਡੀਆਂ, ਖੇਤਾਂ, ਪਿੰਡ ਪਿੰਡ ਜਾ ਕੇ ਕਿਸਾਨਾਂ, ਪਿੰਡ ਵਾਸੀਆਂ ਅਤੇ ਹੋਰਨਾਂ ਨੂੰ ਹੋਰ ਵਧੇਰੇ ਜਾਗਰੂਕ ਕੀਤਾ ਜਾਵੇਗਾ। ਇਹ ਵੈਨਾਂ ਬਲਾਕ ਅਫ਼ਸਰਾਂ ਨਾਲ ਤਾਲਮੇਲ ਕਰ ਕੇ ਰੂਟ ਦੇ ਹਿਸਾਬ ਨਾਲ ਚਲਾਈ ਜਾਣਗੀਆਂ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਪ੍ਰਿਤਪਾਲ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕਿਸਾਨ ਕਣਕ ਦੀ ਪਰਾਲੀ ਦੀ ਤੂੜੀ ਬਣਾ ਕੇ ਜਾਂ ਫਿਰ ਉਸ ਨੂੰ ਖੇਤਾਂ ਵਿੱਚ ਵਾਹ ਸਕਦੇ ਹਨ। ਇਸ ਨਾਲ ਵਾਤਾਵਰਨ ਅਤੇ ਵਿਸ਼ੇਸ਼ ਤੌਰ ’ਤੇ ਮਨੁੱਖੀ ਸਿਹਤ ਠੀਕ ਰਹਿੰਦੀ ਹੈ। ਵਿਭਾਗ ਵੱਲੋਂ ਹਰ ਸਾਲ ਇਸੇ ਤਰ੍ਹਾਂ ਮੁਹਿੰਮ ਚਲਾਈ ਜਾਂਦੀ ਹੈ, ਜਿਸ ਨਾਲ ਪਿਛਲੇ ਸਾਲਾਂ ਦੇ ਨਾਲੋਂ ਕਣਕ ਜਾਂ ਝੋਨੇ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਹੈ। ਇਸ ਮੌਕੇ ਡਾ ਦਵਿੰਦਰ ਸਿੰਘ ਸੰਧੂ ਏਪੀਪੀਓ, ਗੁਰਜੀਤ ਖੇਤੀਬਾੜੀ ਇੰਜੀਨੀਅਰ, ਸੁਖਦੀਪ ਸਿੰਘ ਜੂਨੀਅਰ ਤਕਨੀਸ਼ਅਨ ਤੇ ਨਵਜੀਤ ਢਿੱਲੋਂ ਕੰਪਿਊਟਰ ਆਪ੍ਰੇਟਰ ਹਾਜ਼ਰ ਰਹੇ।