ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀਆਂ ’ਚ ਲੱਗੇ ਬੋਰੀਆਂ ਦੇ ਅੰਬਾਰ
ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀਆਂ ’ਚ ਲੱਗੇ ਬੋਰੀਆਂ ਦੇ ਅੰਬਾਰ
Publish Date: Mon, 20 Apr 2026 04:32 PM (IST)
Updated Date: Tue, 21 Apr 2026 04:01 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਦ ਬਠਿੰਡਾ : ਜ਼ਿਲ੍ਹੇ ਵਿੱਚ ਖਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਮੰਡੀਆਂ ਕਣਕ ਦੀਆਂ ਬੋਰੀਆਂ ਨਾਲ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ। ਹਾਲਾਤ ਇਹ ਹਨ ਕਿ ਕਈ ਮੰਡੀਆਂ ਵਿੱਚ ਕਣਕ ਰੱਖਣ ਲਈ ਵੀ ਥਾਂ ਨਹੀਂ ਬਚੀ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੜਕਾਂ ’ਤੇ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚੱਜੀ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੰਡੀਆਂ ’ਚ ਹਕੀਕਤ ਵੱਖਰੀ ਦਿਖਾਈ ਦੇ ਰਹੀ ਹੈ। ਪਿੰਡ ਗੁਲਾਬੜ੍ਹ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਫਸਲ ਰੱਖਣ ਲਈ ਕੋਈ ਥਾਂ ਨਹੀਂ ਬਚੀ। ਉਸਦਾ ਕਹਿਣਾ ਹੈ ਕਿ ਖਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਮੰਡੀ ਵਿੱਚ ਬੋਰੀਆਂ ਦੇ ਢੇਰ ਲੱਗ ਗਏ ਹਨ। ਇਸੇ ਤਰ੍ਹਾਂ ਪਿੰਡ ਗੁਲਾਬਗੜ੍ਹ ਦੇ ਕਿਸਾਨ ਬਾਬੂ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਆਪਣੀ ਕਣਕ ਲੈ ਕੇ ਮੰਡੀ ਵਿੱਚ ਬੈਠੇ ਹਨ, ਪਰ ਹੁਣ ਤਕ ਉਨ੍ਹਾਂ ਦੀ ਫਸਲ ਦੀ ਤੁਲਾਈ ਨਹੀਂ ਹੋਈ। ਬਠਿੰਡਾ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਪਹਿਲਾਂ ਹੀ ਖਰੀਦੀ ਗਈ ਕਣਕ ਦੀਆਂ ਬੋਰੀਆਂ ਪਈਆਂ ਹਨ, ਜਿਸ ਕਾਰਨ ਨਵੀਂ ਫਸਲ ਰੱਖਣ ਲਈ ਥਾਂ ਨਹੀਂ ਹੈ ਅਤੇ ਕਿਸਾਨਾਂ ਨੂੰ ਸੜਕ ਕਿਨਾਰੇ ਫਸਲ ਰੱਖਣੀ ਪੈ ਰਹੀ ਹੈ। ਸ਼ਹਿਰ ਦੀ ਦਾਣਾ ਮੰਡੀ ਤੋਂ ਇਲਾਵਾ ਪੇਂਡੂ ਖਰੀਦ ਕੇਂਦਰਾਂ ਦਾ ਵੀ ਅਜਿਹਾ ਹੀ ਹਾਲ ਹੈ। ਖਰੀਦ ਕੀਤੀ ਕਣਕ ਦੀ ਚੁੱਕਾਈ ਨਾ ਹੋਣ ਕਾਰਨ ਹਰ ਪਾਸੇ ਬੋਰੀਆਂ ਹੀ ਨਜ਼ਰ ਆ ਰਹੀਆਂ ਹਨ। ਕਿਸਾਨਾਂ ਲਈ ਹੋਰ ਕਣਕ ਦੀ ਫਸਲ ਸੁੱਟਣ ਲਈ ਜਗ੍ਹਾ ਨਹੀਂ ਬਚੀ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਲਗਾਤਾਰ ਜਾਰੀ ਹੈ ਅਤੇ ਲਿਫਟਿੰਗ ਨੂੰ ਤੇਜ਼ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲਾ ਪਾਣੀ, ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। --- 19 ਅਪ੍ਰੈਲ ਤਕ ਦੀ ਸਥਿਤੀ ਕੁੱਲ ਆਮਦ: 2,19,960 ਮੀਟਰਕ ਟਨ ਕੁੱਲ ਖਰੀਦ: 1,84,140 ਮੀਟਰਕ ਟਨ ਲਿਫਟਿੰਗ: 48,483 ਮੀਟਰਕ ਟਨ ਬਾਕੀ (ਅਣਲਿਫਟ): 1,35,657 ਮੀਟਰਕ ਟਨ ਬਾਕਸ ਮਾਰਕੀਟ ਕਮੇਟੀਆਂ ਵਿੱਚ ਖਰੀਦ ਅਤੇ ਲਿਫਟਿੰਗ ਦੀ ਸਥਿਤੀ ਰਾਮਪੁਰਾ — ਖਰੀਦ: 33,415 ---- ਲਿਫਟਿੰਗ: 7,267 ਗੋਨਿਆਣਾ — ਖਰੀਦ: 27,409 ---- ਲਿਫਟਿੰਗ: 12,415 ਬਠਿੰਡਾ — ਖਰੀਦ: 19,622----ਲਿਫਟਿੰਗ: 4,220 ਭਗਤਾ ਭਾਈਕਾ — ਖਰੀਦ: 18,670 ---- ਲਿਫਟਿੰਗ: 2,705 ਭੁੱਚੋ ਮੰਡੀ — ਖਰੀਦ: 13,724----ਲਿਫਟਿੰਗ: 5,205 ਮੌੜ ਮੰਡੀ — ਖਰੀਦ: 13,245 ---- ਲਿਫਟਿੰਗ: 4,495 ਨਥਾਣਾ — ਖਰੀਦ: 11,637 ---- ਲਿਫਟਿੰਗ: 3,201 ਰਾਮਾ ਮੰਡੀ — ਖਰੀਦ: 13,828 ---- ਲਿਫਟਿੰਗ: 2,390 ਸੰਗਤ ਮੰਡੀ — ਖਰੀਦ: 12,970 ---- ਲਿਫਟਿੰਗ: 1,545 ਤਲਵੰਡੀ ਸਾਬੋ — ਖਰੀਦ: 19,620 ---- ਲਿਫਟਿੰਗ: 5,040