ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਸੰਭਾਲਿਆ ਅਹੁਦਾ
ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਸੰਭਾਲਿਆ ਅਹੁਦਾ
Publish Date: Sun, 19 Apr 2026 07:01 PM (IST)
Updated Date: Mon, 20 Apr 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ :
ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਮਾਜ ਸੇਵੀ ਸੁਖਬੀਰ ਸਿੰਘ ਮਾਨ (ਕੈਨੇਡਾ ਵਾਲੇ) ਅਤੇ ਤਹਿਸੀਲ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਤੋਂ ਇਹ ਅਹੁਦਾ ਖਾਲੀ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਰਜਿਸਟਰੀਆਂ ਸਮੇਤ ਰੋਜ਼ਾਨਾ ਦੇ ਕੰਮਾਂ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਵੀ ਖੱਜਲ-ਖੁਆਰੀ ਝੱਲਣੀ ਪਈ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਨਵੇਂ ਅਧਿਕਾਰੀ ਦੀ ਤਾਇਨਾਤੀ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਤੇ ਤਹਿਸੀਲ ਵਿਚ ਆਉਣ ਵਾਲੇ ਹਰ ਵਿਅਕਤੀ ਦੇ ਕੰਮ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨਾਲ ਪਰਿਵਾਰਕ ਮੈਂਬਰਾਂ ਵਾਂਗ ਹਮਦਰਦੀ ਨਾਲ ਪੇਸ਼ ਆਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਸੁਖਬੀਰ ਸਿੰਘ ਮਾਨ, ਰੀਡਰ ਗੁਰਪਿਆਰ ਸਿੰਘ, ਕਾਨੂੰਗੋ ਰਮਨਦੀਪ ਸਿੰਘ (ਸਰਕਲ ਮੌੜ), ਕਾਨੂੰਨਗੋ ਮਨਿੰਦਰਜੀਤ ਸਿੰਘ (ਸਰਕਲ ਬਾਲਿਆਂਵਾਲੀ), ਪਟਵਾਰੀ ਪ੍ਰਦੀਪ ਕੁਮਾਰ, ਕਾਨੂੰਗੋ ਸਹਾਇਕ ਗਗਨਦੀਪ ਸਿੰਘ, ਡਾਟਾ ਅਪਰੇਟਰ ਸਿਮਰਨਜੀਤ ਸਿੰਘ, ਏਐਸਐਮ. ਕੁਲਦੀਪ ਸਿੰਘ, ਫਰਦ ਕੇਂਦਰ ਬਾਲਿਆਂਵਾਲੀ ਦਾ ਸਮੂਹ ਸਟਾਫ ਅਤੇ ਚੌਂਕੀਦਾਰ ਕਾਲਾ ਸਿੰਘ ਸਮੇਤ ਹੋਰ ਹਾਜ਼ਰ ਸਨ।