ਐੱਸਐੱਸਪੀ ਵੱਲੋਂ ਟ੍ਰੈਫ਼ਿਕ ਇੰਚਾਰਜ ਮੇਜਰ ਸਿੰਘ ਸਨਮਾਨਿਤ
ਇਮਾਨਦਾਰੀ ਅਤੇ ਸਮਰਪਣ ਨਾਲ ਡਿਊਟੀ ਨਿਭਾਉਣ ਵਾਲੇ ਟਰੈਫ਼ਿਕ ਇੰਚਾਰਜ ਮੇਜਰ ਸਿੰਘ ਸਨਮਾਨਿਤ
Publish Date: Sat, 18 Apr 2026 07:24 PM (IST)
Updated Date: Sun, 19 Apr 2026 04:13 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਟਰੈਫ਼ਿਕ ਪੁਲਿਸ ਦੇ ਇੰਚਾਰਜ ਮੇਜਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਬਠਿੰਡਾ ਦੀ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਦਿੱਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਐਸਐਸਪੀ ਵੱਲੋਂ ਮੇਜਰ ਸਿੰਘ ਨੂੰ ਸੀਸੀ-3 ਸਰਟੀਫਿਕੇਟ ਦੇ ਨਾਲ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਅਜਿਹੇ ਮੁਲਾਜ਼ਮ ਹੀ ਹੋਰਨਾਂ ਲਈ ਪ੍ਰੇਰਣਾਸਰੋਤ ਬਣਦੇ ਹਨ, ਜੋ ਆਪਣੀ ਡਿਊਟੀ ਨੂੰ ਨੌਕਰੀ ਨਾ ਸਮਝ ਕੇ ਸੇਵਾ ਦੇ ਰੂਪ ’ਚ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਪ੍ਰਬੰਧਨ ਵਰਗੇ ਚੁਣੌਤੀ ਭਰੇ ਖੇਤਰ ਵਿੱਚ ਇਮਾਨਦਾਰੀ ਤੇ ਸਹਿਯੋਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਮੇਜਰ ਸਿੰਘ ਨੂੰ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣ ਤੇ ਆਪਣੇ ਸਾਥੀ ਮੁਲਾਜ਼ਮਾਂ ਲਈ ਮਿਸਾਲ ਬਣਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਦੀ ਸੁਰੱਖਿਆ ਅਤੇ ਸੜਕਾਂ ‘ਤੇ ਕਾਇਦਾ ਕਾਨੂੰਨ ਬਣਾਈ ਰੱਖਣ ਵਿੱਚ ਟਰੈਫ਼ਿਕ ਪੁਲਿਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਮੇਜਰ ਸਿੰਘ ਨੇ ਐਸਐਸਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵੀ ਵਧੀਆ ਕੰਮ ਕਰਨ ਦੀ ਪ੍ਰੇਰਣਾ ਹੈ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰਾ ਯਤਨ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨਾ ਵੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਹ ਆਮ ਜਨਤਾ ਨਾਲ ਸਹਿਯੋਗਾਤਮਕ ਰਵੱਈਆ ਰੱਖਦੇ ਹੋਏ ਉਨ੍ਹਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ।