ਪੰਜਾਬੀ ਵਿਸ਼ੇ ’ਚ ਲਾਜਵਾਬ ਨਤੀਜੇ, ਵਿਦਿਆਰਥਣ ਨੇ 100/100 ਨਾਲ ਮਾਰੀ ਬਾਜ਼ੀ
ਪੰਜਾਬੀ ਵਿਸ਼ੇ ‘ਚ ਲਾਜਵਾਬ ਨਤੀਜੇ, ਵਿਦਿਆਰਥਣ ਨੇ 100/100 ਨਾਲ ਮਾਰੀ ਬਾਜ਼ੀ
Publish Date: Thu, 16 Apr 2026 06:02 PM (IST)
Updated Date: Thu, 16 Apr 2026 06:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਰਕਾਰੀ ਮਿਡਲ ਸਕੂਲ ਫਤਿਹਗੜ੍ਹ ਨੌ ਆਬਾਦ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਵੱਲੋਂ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕ ਵਿਦਿਆਰਥਣ ਨੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 100 ਨੰਬਰ ਪ੍ਰਾਪਤ ਕਰਦੇ ਹੋਏ ਅਤੇ ਕੁੱਲ 600 ਵਿੱਚੋਂ 552 ਨੰਬਰ ਹਾਸਲ ਕਰ ਕੇ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸਦੇ ਨਾਲ ਹੀ ਖੁਸ਼ਪ੍ਰੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ ਨੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 98 ਨੰਬਰ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਤਕਰੀਬਨ ਸਾਰੇ ਹੀ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚ 90 ਤੋਂ ਵੱਧ ਨੰਬਰ ਹਾਸਲ ਕਰ ਕੇ ਵਿਸ਼ੇ ਪ੍ਰਤੀ ਆਪਣੀ ਰੁਚੀ ਅਤੇ ਮਿਹਨਤ ਦਾ ਪ੍ਰਮਾਣ ਦਿੱਤਾ। ਇਸ ਮੌਕੇ ਇੰਚਾਰਜ ਫਲਰਾਜ ਸਰਮਾ, ਸੁਖਵੀਰ ਕੌਰ, ਮਨਜਿੰਦਰ ਸਿੰਘ ਅਤੇ ਜਸਕਰਨ ਸਿੰਘ ਕੋਟ ਸਮੀਰ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਅਧਿਆਪਕਾਂ ਦੀ ਸਮਰਪਿਤ ਸਿਖਲਾਈ ਦਾ ਨਤੀਜਾ ਹੈ। ਇਸ ਦੌਰਾਨ ਸਕੂਲ ਸਟਾਫ ਵੱਲੋਂ ਪੰਜਾਬੀ ਮਾਸਟਰ ਜਸਕਰਨ ਸਿੰਘ ਦੀ ਭੂਮਿਕਾ ਦੀ ਵੀ ਖੂਬ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਵਿੱਚ ਪੰਜਾਬੀ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਕੇ ਇਹ ਸ਼ਾਨਦਾਰ ਨਤੀਜੇ ਸੰਭਵ ਬਣਾਏ। ਜਸਕਰਨ ਸਿੰਘ ਵੱਲੋਂ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ ਗਿਆ।