ਗਿੱਲ ਕਲਾਂ ’ਚ ਗੱਤਕਾ ਮੁਕਾਬਲੇ ਕਰਵਾਏ
ਗਿੱਲ ਕਲਾਂ ਵਿਖੇ ਗੱਤਕਾ ਮੁਕਾਬਲੇ ਕਰਵਾਏ
Publish Date: Thu, 16 Apr 2026 05:13 PM (IST)
Updated Date: Thu, 16 Apr 2026 05:15 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਗਿੱਲ ਕਲਾਂ ਵਿਖੇ ਸਾਲਾਨਾ ਚੌਥਾ ਗੱਤਕਾ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਕਰਕੇ ਮੁੜ ਗੁਰਸਿੱਖੀ ਨਾਲ ਜੋੜਨਾ ਸੀ। ਪੰਜਾਬ ਗੱਤਕਾ ਐਸੋਸੀਏਸ਼ਨ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ (ਬਠਿੰਡਾ) ਦੇ ਸਹਿਯੋਗ ਨਾਲ ਬਾਬਾ ਹਰਜੀਤ ਸਿੰਘ ਗਿੱਲ ਕਲਾਂ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਵੱਖ-ਵੱਖ ਅਖਾੜਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਇੰਜੀਨੀਅਰ ਅਵਤਾਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਚੱਠਾ, ਭਾਈ ਧਰਮ ਸਿੰਘ ਖਾਲਸਾ (ਲਹਿਰਾ ਧੂਰਕੋਟ), ਪ੍ਰਧਾਨ ਸਿੰਦਰ ਸਿੰਘ ਭੁੰਦੜ, ਗੁਰਦੁਆਰਾ ਗਿੱਲ ਕਲਾਂ ਦੇ ਪ੍ਰਧਾਨ ਪ੍ਰਧਾਨ ਕੁਲਵੰਤ ਸਿੰਘ ਤੇ ਮਨਿੰਦਰ ਸਿੰਘ ਕਰਾੜਵਾਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਗੱਤਕਾ ਪ੍ਰਦਰਸ਼ਨੀ (ਲੜਕੇ) ਵਿਚ ਅਕਾਲ ਸਹਾਏ ਗਤਕਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ ਦੂਜੇ ਸਥਾਨ ’ਤੇ ਰਿਹਾ। ਮੀਰੀ ਪੀਰੀ ਗੱਤਕਾ ਅਖਾੜਾ ਚਮਿੰਡਾ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਗੱਤਕਾ ਪ੍ਰਦਰਸ਼ਨੀ (ਲੜਕੀਆਂ) ਵਿਚ ਮੀਰੀ ਪੀਰੀ ਗਤਕਾ ਅਖਾੜਾ ਡੇਹਲੋਂ ਨੇ ਪਹਿਲਾ ਸਥਾਨ ਹਾਸਲ ਕੀਤਾ, ਮੀਰੀ ਪੀਰੀ ਗਤਕਾ ਅਖਾੜਾ ਲਸੋਈ ਦੂਜੇ ਅਤੇ ਸ. ਹਰੀ ਸਿੰਘ ਨਲੂਆ ਗਤਕਾ ਅਖਾੜਾ ਭੁੱਚੋ ਖੁਰਦ ਤੀਜੇ ਸਥਾਨ ’ਤੇ ਰਿਹਾ। ਫਾਈਟ ਮੁਕਾਬਲੇ (ਲੜਕੀਆਂ) ਵਿੱਚ ਗੁਰਲੀਨ ਕੌਰ (ਲੁਧਿਆਣਾ) ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਐੱਲਈਡੀ ਇਨਾਮ ਜਿੱਤਿਆ, ਸੋਨੂ ਕੌਰ (ਭੁੱਚੋ ਖੁਰਦ) ਦੂਜੇ ਅਤੇ ਡਾਲਾ ਤੀਜੇ ਸਥਾਨ ’ਤੇ ਰਹੀ। ਫਾਈਟ ਮੁਕਾਬਲੇ (ਲੜਕੇ) ਵਿਚ ਬਲਵਿੰਦਰ ਸਿੰਘ ਲੱਖਾ ਨੇ ਪਹਿਲਾ ਸਥਾਨ ਹਾਸਲ ਕੀਤਾ, ਵਿਕਰਮ ਸਿੰਘ (ਲੁਧਿਆਣਾ) ਦੂਜੇ ਅਤੇ ਰਵੀ ਸਿੰਘ ਤੀਜੇ ਸਥਾਨ ’ਤੇ ਰਹੇ। ਮੁਕਾਬਲਿਆਂ ਦੀ ਜੱਜਮੈਂਟ ਦੀ ਸੇਵਾ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਦੇ ਸਿੰਘਾਂ ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਅਤੇ ਖੇਡ ਪ੍ਰੇਮੀ ਹਾਜ਼ਰ ਰਹੇ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਪ੍ਰੋਗਰਾਮ ਦਾ ਪ੍ਰਬੰਧ ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਨਗਰ ਵਾਸੀ ਪਿੰਡ ਗਿੱਲ ਕਲਾਂ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ।