ਮੈਨਹੋਲ ਢੱਕਣਾਂ ’ਚ ਲਾਪਰਵਾਹੀ ’ਤੇ ਲੋਕਾਂ ’ਚ ਰੋਸ
ਸੜਕ ਨਿਰਮਾਣ ਦੌਰਾਨ ਮੇਨਹੋਲ ਢੱਕਣਾਂ ਵਿਚ ਲਾਪ੍ਰਵਾਹੀ ‘ਤੇ ਲੋਕਾਂ ਵਿਚ ਰੋਸ
Publish Date: Sun, 12 Apr 2026 07:16 PM (IST)
Updated Date: Mon, 13 Apr 2026 04:14 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸੰਗਤ ਮੰਡੀ ਵਿਖੇ ਸੜਕ ਬਣਾਏ ਜਾਣ ਦੌਰਾਨ ਮੇਨਹੋਲਾਂ ਦੇ ਢੱਕਣ ਉੱਚੇ ਨਾ ਚੁੱਕੇ ਜਾਣ ਤੋਂ ਇਲਾਕੇ ਦੇ ਲੋਕਾਂ ਵੱਲੋਂ ਨਰਾਜ਼ਗੀ ਪ੍ਰਗਟ ਕੀਤੀ ਗਈ ਹੈ। ਨਗਰ ਕੌਂਸਲ ਸੰਗਤ ਦੇ ਵਾਰਡ-9 ਦੇ ਸਾਬਕਾ ਕੌਂਸਲਰ ਰਣਜੀਤ ਸਿੰਘ ਨਿੱਕਾ ਨੇ ਦੱਸਿਆ ਕਿ ਸੰਗਤ ਕੈਂਚੀਆਂ ਤੋਂ ਘੁੱਦਾ ਤਕ ਬਣਾਈ ਜਾਣ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਸੜਕ ਸੰਗਤ ਮੰਡੀ ਦੇ ਵਾਰਡ 9 ਵਿੱਚੋਂ ਹੋ ਕੇ ਗੁਜ਼ਰਦੀ ਹੈ। ਸੜਕ ਬਣਾਏ ਜਾਣ ਵਾਲੇ ਠੇਕੇਦਾਰ ਬਲਜਿੰਦਰ ਸਿੰਘ ਦੇ ਮੁਨਸ਼ੀ ਵੱਲੋਂ ਸੀਵਰੇਜ਼ ਦੇ ਮੈਨਹੋਲਾਂ ਵਾਲੇ ਢੱਕਣ ਉੱਚੇ ਚੁੱਕੇ ਜਾਣੇ ਸਨ ਪ੍ਰੰਤੂ ਜਦੋਂ ਮਜ਼ਦੂਰਾਂ ਵੱਲੋਂ ਢੱਕਣਾਂ ਦੇ ਹੇਠਲੇ ਕੜੇ ਕੱਢਣ ਸਮੇਂ ਟੁੱਟ ਗਏ ਤਾਂ ਉਨ੍ਹਾਂ ਵੱਲੋਂ ਬਿਨ੍ਹਾਂ ਕੜੇ ਲਗਾਏ ਕੇਵਲ ਇੱਟਾਂ ਸਹਾਰੇ ਹੀ ਢੱਕਣ ਲਾ ਕੇ ਸਾਰਿਆ ਜਾ ਰਿਹਾ ਸੀ, ਜੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸੜਕ ਬਣਾਉਣ ਸਮੇਂ ਵਿਭਾਗ ਦੇ ਐੱਸਡੀਓ ਜਾਂ ਜੇਈ ਸਮੇਤ ਕੋਈ ਵੀ ਸਰਕਾਰੀ ਕਰਮਚਾਰੀ ਠੇਕੇਦਾਰ ਦੇ ਮਜ਼ਦੂਰਾਂ ਕੋਲ ਮੌਜੂਦ ਨਹੀਂ ਸੀ, ਜਿਸ ਨੂੰ ਉਹ ਇਸ ਦੀ ਸ਼ਿਕਾਇਤ ਕਰ ਸਕਦੇ। ਉਨ੍ਹਾਂ ਦੱਸਿਆ ਕਿ ਠੇਕੇਦਾਰ ਬਲਜਿੰਦਰ ਸਿੰਘ ਦੇ ਮੁਨਸ਼ੀ ਸੁਖਪਾਲ ਸਿੰਘ ਨੇ ਕਿਹਾ ਹੈ ਕਿ ਵਿਭਾਗ ਦੇ ਐੱਸਡੀਓ ਜਾਂ ਜੇਈ ਉਸ ਸਮੇਂ ਹੀ ਪਹੁੰਚਦੇ ਹਨ ਜਦੋਂ ਕੋਈ ਦਿੱਕਤ ਪੇਸ਼ ਆਉਂਦੀ ਹੈ। ਇਸ ਮੌਕੇ ਕੌਂਸਲਰ ਰਣਜੀਤ ਸਿੰਘ ਦੇ ਨਾਲ ਸੁਰਜਨ ਸਿੰਘ ਬਰਾੜ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ। ਇਸ ਬਾਰੇ ਵਿਭਾਗ ਦੇ ਐਸਡੀਓ ਹਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਅਜੇ ਸੜਕ ਦਾ ਕੰਮ ਚੱਲ ਰਿਹਾ ਹੈ ਅਤੇ ਠੇਕੇਦਾਰ ਤੋਂ ਮੇਨਹੋਲਾਂ ਦੇ ਕੜੇ ਪਵਾ ਕੇ ਹੀ ਢੱਕਣ ਲਗਵਾਏ ਜਾਣਗੇ।