ਤਲਵੰਡੀ ਸਾਬੋ ’ਚ ਅੱਗ ਨਾਲ 13 ਏਕੜ ਕਣਕ ਸੜ ਕੇ ਸੁਆਹ
ਤਲਵੰਡੀ ਸਾਬੋ ਵਿੱਚ ਅੱਗ ਨਾਲ 13 ਏਕੜ ਕਣਕ ਸੜੀ, ਕਿਸਾਨਾਂ ਲਈ ਤੁਰੰਤ ਮੁਆਵਜ਼ੇ ਦੀ ਮੰਗ
Publish Date: Fri, 10 Apr 2026 07:33 PM (IST)
Updated Date: Sat, 11 Apr 2026 04:12 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਤਲਵੰਡੀ ਸਾਬੋ ਖੇਤਰ ’ਚ ਅੱਜ ਉਸ ਵੇਲੇ ਵੱਡਾ ਨੁਕਸਾਨ ਹੋ ਗਿਆ ਜਦੋਂ ਕਟਾਈ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਨਾਲ ਕਰੀਬ 13 ਏਕੜ ਫਸਲ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੀ ਸੀ, ਜੋ ਪਿੰਡ ਸੇਖਪੁਰਾ ਦੇ ਕਿਸਾਨ ਖੁਸਵੰਤ ਸਿੰਘ ਤੇ ਤਲਵੰਡੀ ਸਾਬੋ ਦੇ ਕਿਸਾਨ ਦਰਸ਼ਨ ਸਿੰਘ ਵੱਲੋਂ ਠੇਕੇ ‘ਤੇ ਲਈ ਹੋਈ ਸੀ। ਅੱਗ ਨਾਲ ਖੜ੍ਹੀ ਕਣਕ ਦੇ ਸੜ ਜਾਣ ਕਾਰਨ ਦੋਵਾਂ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਅੱਗ ਕਾਰਨ ਨਾ ਸਿਰਫ ਕਣਕ ਸੜੀ ਹੈ, ਸਗੋਂ ਪੂਰੇ ਸਾਲ ਲਈ ਪਸ਼ੂਆਂ ਦੀ ਤੂੜੀ ਵੀ ਨਸ਼ਟ ਹੋ ਗਈ ਹੈ। ਕਿਸਾਨ ਆਗੂਆਂ ਅਨੁਸਾਰ ਵਾਰ ਕਰੀਬ ਡੇਢ ਲੱਖ ਏਕੜ ਫਸਲ ਗੜੇਮਾਰੀ, ਝੱਖੜ ਤੇ ਹੋਰ ਕੁਦਰਤੀ ਆਫਤਾਂ ਕਾਰਨ ਬਰਬਾਦ ਹੋ ਚੁੱਕੀ ਹੈ, ਜਿਸ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਕੇਵਲ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ। ਜੇਕਰ ਕਿਸੇ ਕਾਰਪੋਰੇਟ ਘਰਾਣੇ ਨੂੰ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰ ਦਿੰਦੀ ਹੈ, ਪਰ ਕਿਸਾਨਾਂ ਦੇ ਮਾਮਲੇ ’ਚ ਟਾਲਮਟੋਲ ਕੀਤੀ ਜਾਂਦੀ ਹੈ। ਉਨ੍ਹਾਂ ਪਿਛਲੇ ਸਾਲ ਪਿੰਡ ਘੁੱਦਾ ਵਿੱਚ ਲਗਭਗ 50 ਏਕੜ ਕਣਕ ਸੜਨ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜੇ ਤਕ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ। ਪਿੰਡ ਗਿੱਦੜ ਦੇ ਕਿਸਾਨਾਂ ਨੂੰ ਵੀ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਲਈ ਲੰਬੇ ਸੰਘਰਸ਼ ਤੋਂ ਬਾਅਦ ਹੀ ਮੁਆਵਜ਼ਾ ਮਿਲਿਆ ਸੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੁਆਵਜ਼ਾ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਪੀੜਤ ਕਿਸਾਨਾਂ ਤੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਸੰਘਰਸ਼ ਲਈ ਤਿਆਰ ਰਹਿਣ।