ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੜੇਮਾਰੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ

-ਸਰਕਾਰ ਕਿਸਾਨਾਂ ਦੀ ਖਰਾਬ ਫਸਲ ਦੀ ਗਿਰਦਾਵਰੀ ਜਲਦੀ ਕਰਵਾਉਣ ਦੇ ਹੁਕਮ ਦੇਵੇ: ਰਾਜਾ ਵੜਿੰਗ
ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ
ਪਿਛਲੇ ਦਿਨੀਂ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋਣ ਕਰਕੇ ਬਠਿੰਡਾ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੰਤਰੀ, ਵਿਧਾਇਕ ਆਗੂ ਕਿਸਾਨਾਂ ਦਾ ਹਾਲ ਜਾਣਨ ਲਈ ਪੁੱਜ ਰਹੇ ਹਨ। ਅੱਜ ਅਬਲੂ 1 ਤੇ 2 ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭੁੱਚੋ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨਾਲ ਪਿੰਡ ਮਹਿਮਾ ਭਗਵਾਨਾ, ਕੋਠੇ ਲਾਲ ਸਿੰਘ ਵਾਲਾ, ਅਬਲੂ, ਕੋਠੇ ਸੰਧਵਾਂ ਵਾਲੇ, ਮਹਿਮਾ ਸਰਕਾਰੀ, ਕਿਲੀ ਨਿਹਾਲ ਸਿੰਘ ਵਾਲਾ ਦੇ ਕਿਸਾਨਾਂ ਨੂੰ ਖੇਤਾਂ ’ਚ ਮਿਲੇ ਤੇ ਉਨ੍ਹਾਂ ਨਾਲ ਗੜੇਮਾਰੀ ਕਾਰਨ ਕਣਕ ਦੀ ਫਸਲ ਦੀ ਹੋਈ ਬਰਬਾਦੀ ਸਬੰਧੀ ਹਮਦਰਦੀ ਪ੍ਰਗਟਾਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪੱਲੇ ਕੱਖ ਵੀ ਨਹੀਂ ਰਿਹਾ ਨਾ ਇਨਸਾਨਾਂ ਦੇ ਖਾਣ ਲਈ ਕਣਕ ਤੇ ਨਾਂ ਹੀ ਪਸ਼ੂਆਂ ਦੇ ਖਾਣ ਲਈ ਹਰਾ ਚਾਰਾ ਤੇ ਤੂੜੀ ਤੰਦ ਬਚਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿਚ ਹੋਣ ਕਾਰਨ ਪੰਜਾਬ ਸਰਕਾਰ ਤਕ ਪੀੜਤ ਕਿਸਾਨਾਂ ਦਾ ਮਾਮਲਾ ਜ਼ਰੂਰ ਪਹੁੰਚਾਉਣਗੇ, ਇਥੋਂ ਤਕ ਕਿ ਉਹ ਸੰਸਦ ਵਿਚ ਵੀ ਗੜੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਮਾਮਲਾ ਰੱਖਣਗੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸਰਕਾਰਾਂ ਉੱਪਰ ਦਬਾਅ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖਰਾਬ ਫਸਲ ਦੀ ਜਲਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਜਲਦੀ ਮੁਆਵਜ਼ਾ ਦੇਵੇ ਤਾਂ ਕਿ ਉਹ ਆਪਣੀ ਅਗਲੀ ਫਸਲ ਸਮੇਂ ਸਿਰ ਬੀਜ ਸਕਣ। ਜੇਕਰ ਸਰਕਾਰ ਜਲਦੀ ਕਿਸਾਨਾਂ ਨੂੰ ਮੁਆਵਜਾ ਨਹੀਂ ਦਿੰਦੀ ਤਾਂ ਉਹ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨਾਲ ਰਲ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨੇ ਲਗਾ ਕੇ ਕਿਸਾਨਾਂ ਨੂੰ ਉਨ੍ਹਾਂ ਦਾ ਮੁਆਵਜ਼ੇ ਦੇ ਰੂਪ ’ਚ ਬਣਦਾ ਹੱਕ ਦਿਵਾਉਣ ਲਈ ਅੱਗੇ ਆਉਣਗੇ। ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਸਾਨ ਜਗਸੀਰ ਸਿੰਘ ਸੰਧੂ, ਜਿਸ ਦੀ 14 ਏਕੜ, ਸੂਬਾ ਸਿੰਘ ਦੀ 15 ਏਕੜ, ਸਰਬਜੀਤ ਸਿੰਘ ਸਾਬਕਾ ਸਰਪੰਚ ਅਬਲੂ ਦੀ 42 ਏਕੜ ਕਣਕ ਦੀ ਫਸਲ ਪੂਰੀ ਦੀ ਪੂਰੀ ਗੜੇਮਾਰੀ ਕਾਰਨ ਫਨਾਹ ਹੋਣ ਸਬੰਧੀ ਮਿਲਵਾਇਆ। ਵੜਿੰਗ ਨੂੰ ਪੀੜਤ ਕਿਸਾਨ ਮੇਜਰ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਦੀ 15 ਏਕੜ, ਯਾਦਵਿੰਦਰ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਦੀ 11 ਏਕੜ, ਅਮਰੀਕ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਦੀ 10 ਏਕੜ, ਜਗਤਾਰ ਸਿੰਘ ਕੋਠੇ ਲਾਲ ਸਿੰਘ ਵਾਲਾ 15 ਏਕੜ, ਜਗਰੂਪ ਸਿੰਘ ਕੋਠੇ ਲਾਲ ਸਿੰਘ ਵਾਲਾ 12 ਏਕੜ, ਸੁਖਮੰਦਰ ਸਿੰਘ ਕੋਠੇ ਲਾਲ ਸਿੰਘ ਵਾਲਾ ਦੀ 10 ਏਕੜ, ਜਗਸੀਰ ਸਿੰਘ ਸੰਧੂ ਕੋਠੇ ਲਾਲ ਸਿੰਘ ਵਾਲਾ ਦੀ 15 ਏਕੜ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ’ਚ ਉਨ੍ਹਾਂ ਕਿਸਾਨਾਂ ਨੂੰ ਵੀ ਮਿਲਵਾਇਆ, ਜਿਨ੍ਹਾਂ ਨੇ ਠੇਕੇ ਉੱਪਰ ਜਮੀਨਾਂ ਲੈ ਕੇ ਕਣਕ ਦੀ ਫਸਲ ਬੀਜੀ ਸੀ ਤੇ ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਕਿਸਾਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਤਾਂ ਹਰ ਰੋਜ਼ ਸਾਡੇ ਕੋਲ ਆ ਰਹੇ ਹਨ, ਪਰ ਆਪਸ ’ਚ ਹੀ ਬਹਿਸ ਕਰਕੇ ਚਲੇ ਜਾਂਦੇ ਹਨ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ, ਲਖਵਿੰਦਰ ਸਿੰਘ ਲੱਖਾ ਸਾਬਕਾ ਚੇਅਰਮੈਨ, ਅਵਤਾਰ ਸਿੰਘ ਗੋਨਿਆਣਾ ਜਿਲ੍ਹਾ ਪ੍ਰਧਾਨ ਜੱਟ ਮਹਾਂ ਸਭਾ ਅਤੇ ਅਵਤਾਰ ਸਿੰਘ ਕੋਟੜਾ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਆਗੂ ਮੌਜੂਦ ਸਨ।