ਪੀਕੇਐੱਸ ਸਕੂਲ ’ਚ 'ਰੋਬੋਟਿਕ ਲੈਬ' ਦਾ ਸ਼ਾਨਦਾਰ ਆਗਾਜ਼
ਪੀਕੇਐੱਸ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਅਤੇ ਅਤਿ-ਆਧੁਨਿਕ 'ਰੋਬੋਟਿਕ ਲੈਬ' ਦਾ ਸ਼ਾਨਦਾਰ ਆਗਾਜ਼
Publish Date: Tue, 31 Mar 2026 06:21 PM (IST)
Updated Date: Wed, 01 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਲੂਆਣਾ
ਬਠਿੰਡਾ-ਮਲੋਟ ਰੋਡ ‘ਤੇ ਸਥਿਤ ਨਾਮਵਰ ਵਿੱਦਿਅਕ ਸੰਸਥਾ ਪੀਕੇਐੱਸ ਇੰਟਰਨੈਸ਼ਨਲ ਸਕੂਲ, ਬੱਲੂਆਣਾ ਵਿਖੇ ਅੱਜ ਨਵੇਂ ਅਕਾਦਮਿਕ ਸੈਸ਼ਨ (2026-27) ਦੀ ਸ਼ੁਰੂਆਤ, ਨਵੇਂ ਬਣੇ ਬਲਾਕ ਅਤੇ ਅਤਿ-ਆਧੁਨਿਕ 'ਰੋਬੋਟਿਕ ਲੈਬ ਦੇ ਉਦਘਾਟਨ ਮੌਕੇ ਇਕ ਵਿਸ਼ਾਲ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਪਾਠ ਦੇ ਭੋਗ ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ, ਰੋਪੜ ਦੇ ਪ੍ਰਿੰਸੀਪਲ ਨੇ ਗੁਰਮਤਿ ਵਿਚਾਰਾਂ ਅਤੇ ਕਥਾ ਰਾਹੀਂ ਸੰਗਤ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ। ਨਵੀਂ ਬਣੀ ਰੋਬੋਟਿਕ ਲੈਬ ਦਾ ਉਦਘਾਟਨ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਤਕਨੀਕੀ ਯੁੱਗ ਦੇ ਹਾਣ ਦਾ ਬਣਾਉਣ ਲਈ ਵਚਨਬੱਧ ਹੈ। ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਭੋਲਾ ਅਤੇ ਪ੍ਰਿੰਸੀਪਲ ਮਨਜੋਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਵਿਚ ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕਤਾ ਦਾ ਸੰਚਾਰ ਕਰਨਾ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਰੋਬੋਟਿਕਸ ਵਰਗੇ ਵਿਸ਼ੇ ਜ਼ਰੂਰੀ ਹਨ, ਉੱਥੇ ਆਪਣੀ ਵਿਰਾਸਤ ਅਤੇ ਧਰਮ ਨਾਲ ਜੁੜੇ ਰਹਿਣਾ ਵੀ ਬੇਹੱਦ ਲਾਜ਼ਮੀ ਹੈ।
ਇਸ ਪਵਿੱਤਰ ਮੌਕੇ 'ਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸੁਦੇਸ਼ ਵਾਟਿਕਾ ਸਕੂਲ ਦੇ ਪ੍ਰਿੰਸੀਪਲ ਮੀਨੂੰ ਗਰਗ, ਚੇਅਰਮੈਨ ਵਿਨੋਦ ਕੁਮਾਰ ਖੁਰਾਣਾ ਅਤੇ ਵਿਸਵਾਸ ਸਕੂਲ ਦੇ ਪ੍ਰੈਜੀਡੈਂਟ ਮਹਿੰਦਰਪਾਲ ਗੋਇਲ ਨੇ ਹਾਜਰੀ ਲਵਾਈ। ਇਸ ਤੋਂ ਇਲਾਵਾ ਪ੍ਰਦੀਪ ਕੁਮਾਰ ਚੌਕੀ ਇੰਚਾਰਜ ਬੱਲੂਆਣਾ, ਸਾਬਕਾ ਸਰਪੰਚ ਮਲਕੀਤ ਸਿੰਘ ਗਿੱਲ ਤੇ ਟਹਿਲ ਸਿੰਘ, ਅਵਤਾਰ ਸਿੰਘ ਕੈਂਥ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਕੂਲ ਮੈਨੇਜਮੈਂਟ ਵਿਚ ਗੁਰਦਰਸ਼ਨ ਸਿੰਘ ਸੇਠੀ, ਧਰਮਿੰਦਰ ਸਿੰਘ, ਪ੍ਰਭਜੋਤ ਸਿੰਘ ਐਡਵੋਕੇਟ ਅਤੇ ਸਕੂਲ ਦੇ ਅਕੈਡਮਿਕ ਡਾਇਰੈਕਟਰ ਇੰਦਰਜੀਤ ਕੌਰ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਬੜੀ ਨਿਮਰਤਾ ਨਾਲ ਸੇਵਾ ਨਿਭਾਈ। ਅੰਤ ਵਿਚ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।