ਸਰਕਾਰ ਨੇ ਗਾਰੰਟੀਆਂ ਪੂਰੀਆਂ ਕਰ ਕੇ ਜਿੱਤਿਆ ਲੋਕਾਂ ਦਾ ਦਿਲ : ਕਿਰਨਦੀਪ ਕੌਰ
ਮਾਨ ਸਰਕਾਰ ਵੱਲੋਂ ਕੀਤੀਆਂ ਗਰੰਟੀਆਂ ਪੂਰੀਆਂ ਕਰਕੇ ਪੰਜਾਬੀਆਂ ਦਾ ਭਰੋਸਾ ਜਿੱਤਿਆ : ਕਿਰਨਦੀਪ ਕੌਰ ਬਰਾੜ
Publish Date: Sat, 14 Mar 2026 07:07 PM (IST)
Updated Date: Sun, 15 Mar 2026 04:13 AM (IST)
-ਮਹਿਲਾਵਾਂ ਨੇ ਸਨਮਾਨ ਰਾਸ਼ੀ ਦੀ ਖੁਸ਼ੀ ਵਿੱਚ ਜਾਗੋ ਕੱਢ ਕੇ ਮਨਾਈ ਖੁਸ਼ੀ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ :
ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੀਆਂ ਗਾਰੰਟੀਆਂ ਨੂੰ ਲਗਾਤਾਰ ਪੂਰਾ ਕਰਦੇ ਹੋਏ ਲੋਕਾਂ ਦਾ ਭਰੋਸਾ ਜਿੱਤਿਆ ਜਾ ਰਿਹਾ ਹੈ। ਇਹ ਗੱਲ ਨਗਰ ਕੌਂਸਲ ਰਾਮਪੁਰਾ ਫੂਲ ਦੀ ਪ੍ਰਧਾਨ ਕਿਰਨਦੀਪ ਕੌਰ ਬਰਾੜ ਨੇ ਮਹਿਲਾਵਾਂ ਲਈ ਸਨਮਾਨ ਰਾਸ਼ੀ ਯੋਜਨਾ ਦੇ ਐਲਾਨ ਦੀ ਖੁਸ਼ੀ ਵਿੱਚ ਕੱਢੀ ਜਾਗੋ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਰਨਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਮਹਿਲਾਵਾਂ ਦੇ ਸਨਮਾਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਮਹਿਲਾਵਾਂ ਨੂੰ ਆਰਥਿਕ ਮਜ਼ਬੂਤੀ ਮਿਲੇਗੀ ਅਤੇ ਉਹ ਆਪਣੇ ਘਰਾਂ ਵਿੱਚ ਹੋਰ ਆਤਮ-ਨਿਰਭਰ ਬਣ ਸਕਣਗੀਆਂ। ਬਰਾੜ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕ-ਹਿਤੈਸ਼ੀ ਫੈਸਲੇ ਲਗਾਤਾਰ ਲਏ ਜਾ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਸਿਹਤ ਖੇਤਰ ਵਿੱਚ ਵੀ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ ਅਤੇ ਸਿਹਤ ਬੀਮਾ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਬਜ਼ੁਰਗਾਂ ਲਈ ਤੀਰਥ ਯਾਤਰਾ ਦੀ ਵਿਸ਼ੇਸ਼ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ, ਜੋ ਲੋਕਾਂ ਲਈ ਇਕ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਦੇਣ ਦੇ ਨਾਲ-ਨਾਲ ਸਿਹਤ ਅਤੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੀ ਸਰਕਾਰ ਵੱਲੋਂ ਮਹੱਤਵਪੂਰਨ ਸੁਧਾਰ ਕੀਤੇ ਹਨ, ਜਿਸ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ ਅਤੇ ਇਹ ਬਦਲਾਅ ਹੁਣ ਜ਼ਮੀਨੀ ਪੱਧਰ ‘ਤੇ ਵੀ ਸਪਸ਼ਟ ਤੌਰ ’ਤੇ ਦਿਖਾਈ ਦੇ ਰਹੇ ਹਨ। ਇਸ ਮੌਕੇ ਮਹਿਲਾਵਾਂ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਿਲਾਵਾਂ ਦੇ ਮਾਨ-ਸਨਮਾਨ ਨੂੰ ਧਿਆਨ ਵਿੱਚ ਰੱਖ ਕੇ ਲਿਆ ਇਹ ਫੈਸਲਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਸਰਕਾਰ ਅੱਗੇ ਵੀ ਮਹਿਲਾਵਾਂ ਦੀ ਭਲਾਈ ਲਈ ਇਸੇ ਤਰ੍ਹਾਂ ਹੋਰ ਲੋਕ-ਹਿਤੈਸ਼ੀ ਯੋਜਨਾਵਾਂ ਲੈ ਕੇ ਆਉਂਦੀ ਰਹੇਗੀ।
ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਮੈਨ ਰੁਪਿੰਦਰ ਕੌਰ ਗਿੱਲ, ਸਰਪੰਚ ਸੁਨੀਤਾ ਰਾਣੀ, ਬਲਾਕ ਪ੍ਰਧਾਨ ਬਲਜੀਤ ਕੌਰ ਗੁੱਜਰ, ਸਰਪੰਚ ਸਗਨਪਰੀਤ ਕੌਰ ਭਾਈਰੂਪਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ। ਮਹਿਲਾਵਾਂ ਨੇ ਜਾਗੋ ਕੱਢ ਕੇ ਲੋਕ ਬੋਲੀਆਂ ਪਾਉਂਦਿਆਂ ਮਾਨ ਸਰਕਾਰ ਦੇ ਫੈਸਲੇ ਦੀ ਖੁਸ਼ੀ ਮਨਾਈ।