ਰਾਮਸਰਾ ਰੇਲਵੇ ਫਾਟਕ ਨੇੜੇ ਗੰਦਗੀ ਦੇ ਢੇਰ ਕਾਰਨ ਲੋਕ ਪਰੇਸ਼ਾਨ
ਰਾਮਸਰਾ ਰੇਲਵੇ ਫਾਟਕ ਨੇੜੇ ਗੰਦਗੀ ਦੇ ਢੇਰ ਕਾਰਨ ਲੋਕ ਪ੍ਰੇਸ਼ਾਨ
Publish Date: Thu, 12 Mar 2026 05:14 PM (IST)
Updated Date: Thu, 12 Mar 2026 05:18 PM (IST)
ਰਾਮਾਂ ਮੰਡੀ : ਸ਼ਹਿਰ ਦੇ ਰਾਮਸਰਾ ਰੇਲਵੇ ਫਾਟਕ ਕੋਲ ਰੇਲਵੇ ਬਾਊਂਡਰੀ ਨਾਲ ਲੱਗਦੇ ਇਲਾਕੇ ਵਿਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਮੇ ਸਮੇਂ ਤੋਂ ਇੱਥੇ ਕੂੜਾ ਇਕੱਠਾ ਹੋ ਰਿਹਾ ਹੈ ਪਰ ਇਸ ਨੂੰ ਹਟਾਉਣ ਲਈ ਨਾ ਤਾਂ ਨਗਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਸਫ਼ਾਈ ਪ੍ਰਬੰਧ ਨੂੰ ਸੁਧਾਰਨ ਲਈ ਕੋਈ ਪੱਕਾ ਇੰਤਜ਼ਾਮ ਕੀਤਾ ਗਿਆ ਹੈ। ਇਸ ਗੰਦਗੀ ਕਾਰਨ ਇਲਾਕੇ ਵਿਚ ਮੱਖੀਆਂ-ਮੱਛਰਾਂ ਦੀ ਭਰਮਾਰ ਹੋ ਰਹੀ ਹੈ। ਇਸ ਨਾਲ ਨੇੜਲੇ ਵਸਨੀਕਾਂ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਥਾਂ ਹੁਣ ਕੂੜੇ ਦਾ ਅਣਅਧਿਕਾਰਕ ਡੰਪਿੰਗ ਪੁਆਇੰਟ ਬਣ ਚੁੱਕੀ ਹੈ, ਜਿੱਥੇ ਦਿਨੋਂ-ਦਿਨ ਗੰਦਗੀ ਵਧਦੀ ਜਾ ਰਹੀ ਹੈ।
ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਜੈਪਾਲ ਅਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਕਈ ਵਾਰ ਸਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ, ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਵੱਲੋਂ ਸ਼ਹਿਰਾਂ ਨੂੰ ਸਾਫ-ਸੁਥਰਾ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇੱਥੇ ਪਈ ਗੰਦਗੀ ਨੂੰ ਨਾ ਹਟਾਇਆ ਗਿਆ ਤਾਂ ਉਹ ਮਜਬੂਰ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਉਠਾਉਣਗੇ। ਲੋਕਾਂ ਦੀ ਮੰਗ ਹੈ ਕਿ ਤੁਰੰਤ ਸਫ਼ਾਈ ਮੁਹਿੰਮ ਚਲਾ ਕੇ ਕੂੜੇ ਦੇ ਢੇਰ ਹਟਾਏ ਜਾਣ ਅਤੇ ਇਥੇ ਗੈਰਕਾਨੂੰਨੀ ਤੌਰ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਲਾਕੇ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੇ।