ਸਿਹਤ ਵਿਭਾਗ ਉੱਚ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ : ਡਾ. ਤਪਿੰਦਰਜੋਤ ਕੌਸ਼ਲ
ਸਿਹਤ ਵਿਭਾਗ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਤਪਿੰਦਰਜੋਤ ਕੌਸ਼ਲ
Publish Date: Wed, 11 Mar 2026 07:51 PM (IST)
Updated Date: Thu, 12 Mar 2026 04:09 AM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਸਮੁਦਾਇਕ ਸਿਹਤ ਕੇਂਦਰ ਨਥਾਣਾ ਦੇ ਸਥਾਪਨਾ ਦੇ 100 ਸਾਲਾ ਵਰ੍ਹੇ ਨੂੰ ਸਮਰਪਿਤ ਸੀਐਸੀ ਨਥਾਣਾ ਦੇ ਸਥਾਪਨਾ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਸਮਾਗਮ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਉਮੇਸ਼ ਗੁਪਤਾ ਦੇ ਵਿਸ਼ੇਸ਼ ਉਪਰਾਲੇ ਸਦਕਾ ਬੱਚਿਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਲਈ ਸੀਐਚਸੀ ਨਥਾਣਾ ਵਿਚ ਵੈਕਸੀਨੇਸ਼ਨ ਦਾ ਉਦਘਾਟਨ ਡਾ. ਕੌਸ਼ਲ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੇ ਅੱਖਾਂ ਦੇ ਮਾਹਿਰ ਡਾ. ਸ਼ਵੇਤਾ ਵੱਲੋਂ ਮਰੀਜ਼ਾਂ ਦੀ ਕਾਲਾ ਮੋਤੀਆ ਦੀ ਜਾਂਚ ਕੀਤੀ ਗਈ। ਬਲੱਡ ਬੈਂਕ ਸੇਵਾਵਾਂ ਲਈ ਸਿਵਲ ਹਸਪਤਾਲ ਬਠਿੰਡਾ ਤੋਂ ਡਾ. ਗੁੰਜਨ ਦੀ ਅਗਵਾਈ ਹੇਠ ਟੀਮ ਨੇ ਖ਼ੂਨਦਾਨ ਦੀ ਪ੍ਰਬੰਧਕੀ ਸੰਭਾਲ ਕੀਤੀ। ਇਸ ਮੌਕੇ ਡਾ. ਕੌਸ਼ਲ ਵੱਲੋਂ ਟੀਬੀ ਮਰੀਜ਼ਾਂ ਲਈ ਹੈਂਡ ਹੈਲਡ ਐਕਸ-ਰੇ ਮਸ਼ੀਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਡਾ. ਉਮੇਸ਼ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਇਹ ਮਸ਼ੀਨ ਸਿਹਤ ਬਲਾਕ ਨਥਾਣਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਜਾਕੇ ਟੀਬੀ. ਮਰੀਜ਼ਾਂ ਨੂੰ ਘਰ ਦੇ ਨੇੜੇ ਐਕਸ-ਰੇ ਸਹੂਲਤ ਮੁਹੱਈਆ ਕਰਵਾਏਗੀ। ਸਮਾਗਮ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਵੀ ਕੈਂਪ ਲਗਾਇਆ ਗਿਆ। ਡਾ. ਉਮੇਸ਼ ਗੁਪਤਾ ਨੇ ਸੀਐਚਸੀ ਨਥਾਣਾ ਦੇ ਇਤਿਹਾਸ ਬਾਰੇ ਦੱਸਿਆ ਕਿ 11 ਮਾਰਚ 1926 ਨੂੰ ਡੀਬੀ ਹਸਪਤਾਲ ਨਥਾਣਾ ਦਾ ਨੀਂਹ ਪੱਥਰ ਉਸ ਸਮੇਂ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀਸੀ ਵੱਲੋਂ ਰੱਖਿਆ ਗਿਆ ਸੀ, ਜੋ ਹੁਣ ਸਮੁਦਾਇਕ ਸਿਹਤ ਕੇਂਦਰ ਵਜੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਮਾਗਮ ਦੌਰਾਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਪੀਐਲਵੀ ਰਾਮ ਸਰੂਪ ਸਿੰਘ ਵੱਲੋਂ ਵੱਖ-ਵੱਖ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿਚ ਸੀਨੀਅਰ ਫਾਰਮੇਸੀ ਅਫ਼ਸਰ ਸੁਖਮੰਦਰ ਸਿੰਘ, ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ, ਡਾ. ਯੋਗੇਸ਼ ਜੋਸ਼ੀ, ਰਾਜਿੰਦਰ ਕੌਰ ਨਰਸਿੰਗ ਸਿਸਟਰ, ਫਾਰਮੇਸੀ ਅਫ਼ਸਰ ਰਮਨਦੀਪ ਸਿੰਘ, ਬਹੁਮੰਤਵੀ ਸਿਹਤ ਨਿਰੀਖਕ ਅਜੇ ਕੁਮਾਰ, ਸੁਰਜੀਤ ਸਿੰਘ, ਸਰਬਜੀਤ ਸਿੰਘ ਬਾਹੀਆ, ਬਹੁਮੰਤਵੀ ਸਿਹਤ ਕਰਮਚਾਰੀ ਰਾਜਵਿੰਦਰ ਸਿੰਘ ਰੰਗੀਲਾ, ਮਨਜਿੰਦਰ ਸਿੰਘ ਸੇਮਾ, ਮਨਪ੍ਰੀਤ ਸਿੰਘ ਸ਼ੇਰਗਿੱਲ, ਜਗਦੀਸ਼ ਸਿੰਘ, ਗੁਰਦੀਪ ਸਿੰਘ, ਲਛਮਣ ਸਿੰਘ, ਗੁਰਦਾਸ ਸਿੰਘ, ਹਰਦਮ ਸਿੰਘ, ਤਰਸੇਮ ਸਿੰਘ ਸਮੇਤ ਹੋਰ ਕਰਮਚਾਰੀ ਸ਼ਾਮਲ ਸਨ। ਅੰਤ ਵਿਚ ਡਾ. ਉਮੇਸ਼ ਗੁਪਤਾ ਵੱਲੋਂ ਸਮੂਹ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ।