ਵਿਧਾਇਕ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ, ਪਾਈਪਲਾਈਨ ਦਾ ਕੰਮ ਸ਼ੁਰੂ
ਮੌੜ ਖੁਰਦ ਵਾਸੀਆਂ ਨੇ ਧਰਨਾ ਚੁੱਕਿਆ, ਡ
Publish Date: Fri, 06 Mar 2026 07:54 PM (IST)
Updated Date: Sat, 07 Mar 2026 04:15 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਪੰਜਾਬੀ ਜਾਗਰਣ, ਮੌੜ ਮੰਡੀ : ਇੱਥੋਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੇ ਕੰਮ ਨੂੰ ਪਿੰਡ ਮੌੜ ਖੁਰਦ ਦੇ ਵਾਸੀਆਂ ਵੱਲੋਂ ਧਰਨਾ ਲਾ ਕੇ ਰੋਕਿਆ ਗਿਆ ਸੀ। ਇਸ ਮਸਲੇ ਨੂੰ ਸੁਲਝਾਉਣ ਲਈ ਅੱਜ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਧਰਨਾ ਦੇ ਰਹੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਵਿਧਾਇਕ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਧਰਨਾ ਚੁੱਕ ਲਿਆ ਅਤੇ ਪਾਈਪ ਲਾਈਨ ਦਾ ਕੰਮ ਮੁੜ ਸ਼ੁਰੂ ਕਰਨ ਲਈ ਸਹਿਮਤੀ ਜਤਾ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਨਿਕਾਸੀ ਦੀ ਪਾਈਪ ਲਾਈਨ ਪੈਣ ਅਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਸਫਾਈ ਹੋਣ ਕਾਰਨ ਮੰਡੀ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ ਪਰ ਮੌੜ ਖੁਰਦ ਅਤੇ ਤਿੰਨ ਵਾਰਡਾਂ ਵਿਚ ਸੀਵਰੇਜ ਪ੍ਰਣਾਲੀ ਖਰਾਬ ਹੋਣ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਨਰਕ ਭਰੀ ਜ਼ਿੰਦਗੀ ਜੀਊਣ ਲਈ ਮਜਬੂਰ ਹਨ। ਇਸ ਸਮੱਸਿਆ ਨੂੰ ਲੈ ਕੇ ਮੌੜ ਖੁਰਦ ਦੇ ਵਾਸੀਆਂ ਨੇ ਧਰਨਾ ਲਗਾ ਕੇ ਸ਼ਹਿਰ ਲਈ ਵਾਟਰ ਸਪਲਾਈ ਵਾਸਤੇ ਪਾਈ ਜਾ ਰਹੀ ਪਾਈਪ ਲਾਈਨ ਦਾ ਕੰਮ ਰੋਕ ਦਿੱਤਾ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜਦ ਤੱਕ ਮੌੜ ਖੁਰਦ ਦੇ ਸੀਵਰੇਜ ਦੀ ਸਫਾਈ ਨਹੀਂ ਹੁੰਦੀ, ਤਦ ਤੱਕ ਪਾਈਪ ਲਾਈਨ ਦਾ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪਾਈਪਲਾਈਨ ਦਾ ਕੰਮ ਬੰਦ ਪਿਆ ਹੋਇਆ ਸੀ। ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਰਨਾ ਦੇ ਰਹੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕ ਆਪਣੀ ਮੰਗ 'ਤੇ ਅਡਿੱਗ ਰਹੇ। ਆਖਿਰਕਾਰ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਧਰਨਾ ਦੇ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਮੌੜ ਖੁਰਦ ਦੇ ਸਾਰੇ ਵਾਰਡਾਂ ਵਿਚ ਸੀਵਰੇਜ ਦੀ ਸਫਾਈ ਕਰਵਾਈ ਜਾਵੇਗੀ ਅਤੇ ਇਸ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਟਰ ਸਪਲਾਈ ਲਈ ਪਾਈ ਜਾ ਰਹੀ ਪਾਈਪ ਲਾਈਨ ਦਾ ਕੰਮ ਨਾ ਰੋਕਿਆ ਜਾਵੇ। ਵਿਧਾਇਕ ਦੇ ਭਰੋਸੇ ਤੋਂ ਬਾਅਦ ਮੌੜ ਖੁਰਦ ਦੇ ਵਾਸੀਆਂ ਨੇ ਆਪਣਾ ਧਰਨਾ ਚੁੱਕ ਲਿਆ ਹਾਲਾਂਕਿ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੀਵਰੇਜ ਦੀ ਸਫਾਈ ਨਾ ਹੋਈ ਤਾਂ ਪਾਈਪ ਲਾਈਨ ਦਾ ਕੰਮ ਦੁਬਾਰਾ ਰੋਕ ਦਿੱਤਾ ਜਾਵੇਗਾ।