ਜ਼ਿਲ੍ਹੇ ਦੀਆਂ ਚਾਰ ਪੰਚਾਇਤ ਸੰਮਤੀਆਂ ’ਤੇ ਅਕਾਲੀ ਦਲ ਦਾ ਕਬਜ਼ਾ
ਜ਼ਿਲ੍ਹੇ ਦੀਆਂ ਚਾਰ ਪੰਚਾਇਤ ਸੰਮਤੀਆਂ ’ਤੇ ਅਕਾਲੀ ਦਲ ਦਾ ਕਬਜ਼ਾ
Publish Date: Thu, 05 Mar 2026 07:45 PM (IST)
Updated Date: Thu, 05 Mar 2026 07:47 PM (IST)
- ਨਥਾਣਾ, ਗੋਨਿਆਣਾ, ਸੰਗਤ ਤੇ ਬਠਿੰਡਾ ਪੰਚਾਇਤ ਸੰਮਤੀਆਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਅਕਾਲੀ ਦਲ ਦੇ ਬਣੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਪੰਚਾਇਤ ਸੰਮਤੀਆਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਲਈ ਐੱਸਡੀਐੱਮਜ਼ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਚੋਣ ਵਿਚ ਹੁਣ ਤਕ ਪ੍ਰਾਪਤ ਹੋਈ ਸੂਚਨਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਪੰਚਾਇਤ ਸੰਮਤੀਆਂ ’ਤੇ ਆਪਣਾ ਪੂਰਨ ਕਬਜ਼ਾ ਜਮਾਂ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤ ਸੰਮਤੀ ਨਥਾਣਾ, ਗੋਨਿਆਣਾ, ਸੰਗਤ ਅਤੇ ਬਠਿੰਡਾ ’ਤੇ ਕਬਜ਼ਾ ਕਰਦਿਆਂ ਆਪਣੇ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਾ ਲਏ ਹਨ। ਇਹ ਚੋਣ ਪੰਚਾਇਤ ਸੰਮਤੀ ਦੇ ਚੁਣੇ ਗਏ ਮੈਂਬਰਾਂ ਦੀ ਸਰਬਸੰਮਤੀ ਨਾਲ ਚੁਣੇ ਗਏ ਹਨ। ਪੰਚਾਇਤ ਸੰਮਤੀ ਮੰਡੀ ਵਿੱਚ ਪਰਮਜੀਤ ਕੌਰ ਨੂੰ ਚੇਅਰਮੈਨ ਅਤੇ ਮੇਜਰ ਸਿੰਘ ਡੂੰਮਵਾਲੀ ਨੂੰ ਉਪ ਚੇਅਰਮੈਨ ਚੁਣਿਆ ਗਿਆ। ਬਲਾਕ ਸੰਮਤੀ ਬਠਿੰਡਾ ਤੋਂ ਮਨਦੀਪ ਕੌਰ ਬੁਲਾਡੇਵਾਲਾ ਚੇਅਰਮੈਨ ਅਤੇ ਇਕਬਾਲ ਸਿੰਘ ਵਾਈਸ ਚੇਅਰਮੈਨ ਬਣੇ ਹਨ।
ਇਸੇ ਤਰ੍ਹਾਂ ਬਲਾਕ ਸੰਮਤੀ ਨਥਾਣਾ ’ਤੇ ਵੀ ਅਕਾਲੀ ਦਲ ਨੇ ਆਪਣਾ ਕਬਜ਼ਾ ਸਥਾਪਤ ਕੀਤਾ। ਇੱਥੇ ਗੁਰਮੇਲ ਕੌਰ ਭੁੱਚੋਂ ਕਲਾ ਚੇਅਰਮੈਨ ਅਤੇ ਮਨਪ੍ਰੀਤ ਕੌਰ ਪੂਹਲਾ ਉਪ ਚੇਅਰਮੈਨ ਚੁਣੀ ਗਈ। ਬਲਾਕ ਸੰਮਤੀ ਫੂਲ ਦੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਬਲਾਕ ਗੋਨਿਆਣਾ ਤੋਂ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਜੀਤ ਕੌਰ (ਭੋਖੜਾ) ਨੂੰ ਚੇਅਰਪਰਸਨ ਅਤੇ ਭੋਲਾ ਸਿੰਘ (ਅਬਲੂ) ਨੂੰ ਉਪ ਚੇਅਰਪਰਸਨ ਚੁਣਿਆ ਗਿਆ। ਚਾਰ ਪੰਚਾਇਤ ਸੰਮਤੀਆਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਮਤ ਹਾਸਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਆਮ ਆਦਮੀ ਪਾਰਟੀ (ਆਪ) ’ਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਤੋਂ ਖਹਿੜਾ ਛੁਡਵਾ ਕੇ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਨ੍ਹਾਂ ਇਸ ਸਬੰਧੀ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ’ਤੇ ਇਕ ਇੱਟ ਵੀ ਨਹੀਂ ਲੱਗੀ। ਇਸੇ ਲਈ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ। ਜਗਸੀਰ ਸਿੰਘ ਜੱਗਾ ਕਲਿਆਣ ਨੇ ਨਵ-ਨਿਯੁਕਤ ਪੰਚਾਇਤ ਅਤੇ ਬਲਾਕ ਸੰਮਤੀ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਲਈ ਵਧੇਰੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ।