ਏਟੀਐੱਮ ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਕਾਬੂ
ਏਟੀਐਮ ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਕਾਬੂ
Publish Date: Thu, 05 Mar 2026 06:24 PM (IST)
Updated Date: Thu, 05 Mar 2026 06:26 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਮ ਸਰਾ ਵਿਚ ਸਥਿਤ ਐਕਸਿਸ ਬੈਂਕ ਦੇ ਏਟੀਐੱਮ ਨੂੰ ਤੋੜ ਕੇ ਲੁੱਟ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਥਾਣਾ ਰਾਮਾ ਮੰਡੀ ਦੇ ਐੱਸਐੱਚਓ ਕੌਰ ਸਿੰਘ ਨੇ ਦੱਸਿਆ ਕਿ 28 ਫਰਵਰੀ ਅਤੇ 1 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਪਿੰਡ ਰਾਮਸਰਾ ਵਿੱਚ ਲੱਗੇ ਐਕਸਿਸ ਬੈਂਕ ਦੇ ਏਟੀਐੱਮ ਵਿੱਚ ਭੰਨਤੋੜ ਕੀਤੀ ਸੀ। ਮੁਲਜ਼ਮਾਂ ਨੇ ਏਟੀਐੱਮ ਵਿੱਚੋਂ ਨਕਦੀ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਕਿ ਏਟੀਐੱਮ ਵਿੱਚ ਕੁਝ ਗੜਬੜ ਹੈ ਤਾਂ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ। ਇਸ ਦੌਰਾਨ ਲੁਟੇਰੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਏਟੀਐੱਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਬਾਅਦ ਇਸ ਘਟਨਾ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਏਟੀਐੱਮ ਵਿੱਚ ਲੁੱਟ ਕਰਨ ਵਾਲੇ ਜੀਜਾ ਸਾਲੇ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਲੁਟੇਰਿਆਂ ਵਿੱਚ ਹਿਮਾਂਸ਼ੂ, ਰਣਜੀਤ ਕੁਮਾਰ ਅਤੇ ਰਵੀ ਕੁਮਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਵਰਤੀ ਗਈ ਕਰੂਜ਼ਰ ਗੱਡੀ ਪੀਬੀ 01 ਏ 6754 ਵੀ ਲੁਟੇਰਿਆਂ ਕੋਲੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।