ਬਾਲਿਆਂਵਾਲੀ ਵਿਖੇ ਬੋਹੜ ਦਾ ਦਰੱਖਤ ਵੱਢਣ ਮਾਮਲੇ ’ਚ ਨੈਸ਼ਨਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪਿੰਡ ਬਾਲਿਆਂਵਾਲੀ ਦੀ ਪੰਚਾਇਤੀ ਜਗ੍ਹਾ ’ਤੇ ਲੱਗੇ ਦੇਸ਼ ਦੇ ਕੌਮੀ ਦਰੱਖਤ ਬੋਹੜ ਦੇ ਮੋਟੇ ਟਾਹਣੇ ਬਿਨ੍ਹਾਂ ਮਨਜ਼ੂਰੀ ਵੱਢਣ ਦੇ ਮਾਮਲੇ ਵਿੱਚ ਨੈਸ਼ਨਲ ਗਰੀਨ ਟਰਿਬਿਊਨਲ, ਚੰਡੀਗੜ੍ਹ ਵਿਖੇ ਅਰਜ਼ੀ ਦਾਇਰ ਕੀਤੀ ਗਈ ਹੈ। ਅਰਜ਼ੀ ਵਿੱਚ ਦਰੱਖਤ ਵੱਢਣ ਵਾਲਿਆਂ ਦੇ ਨਾਲ-ਨਾਲ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਸਮਾਜ ਸੇਵੀ ਤੇ ਸ਼ਿਕਾਇਤਕਰਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ 12 ਜੁਲਾਈ 2025 ਨੂੰ ਬਾਲਿਆਂਵਾਲੀ ਦੇ ਰਾਮ ਲੀਲਾ ਮੈਦਾਨ ਵਿੱਚ ਬੀਰਬਲ ਦਾਸ ਅਤੇ ਉਸਦੇ ਪੁੱਤਰ ਸਾਹਿਲ ਕੁਮਾਰ ਵੱਲੋਂ ਬਿਨਾਂ ਮਨਜ਼ੂਰੀ ਬੋਹੜ ਦੇ ਵੱਡੇ-ਵੱਡੇ ਮੋਟੇ ਟਾਹਣੇ ਵੱਢ ਦਿੱਤੇ ਗਏ, ਜਿਸ ਨਾਲ ਦਰੱਖਤ ਦਾ ਗੋਲ ਘੇਰਾ ਅਤੇ ਸੁੰਦਰਤਾ ਨਸ਼ਟ ਹੋ ਗਈ। ਇਸ ਮਾਮਲੇ ਸਬੰਧੀ ਉਸੇ ਦਿਨ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਦਾਅਵਾ ਹੈ ਕਿ ਦਰੱਖਤ ਵੱਢਣ ਵਾਲੀ ਧਿਰ ਨੇ ਪੰਚਾਇਤ ਕੋਲ ਲਿਖਤੀ ਤੌਰ ’ਤੇ ਦਰੱਖਤ ਵੱਢਣ ਦੀ ਗੱਲ ਮੰਨੀ ਸੀ, ਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ ਪੰਚਾਇਤ ਨੇ ਉਲਟ ਕਥਿਤ ਦੋਸ਼ੀਆਂ ਨੂੰ “ਵਾਤਾਵਰਣ ਪ੍ਰੇਮੀ” ਘੋਸ਼ਿਤ ਕਰ ਦਿੱਤਾ। ਕੁਲਦੀਪ ਕੁਮਾਰ ਨੇ ਦੱਸਿਆ ਕਿ ਰੁੱਖ ਉਸ ਸਮੇਂ ਵੱਢਿਆ ਗਿਆ ਜਦੋਂ ਸੰਬੰਧਿਤ ਵਿਅਕਤੀ ਆਪਣੀਆਂ ਦੁਕਾਨਾਂ ਦੀ ਉਸਾਰੀ ਕਰਵਾ ਰਹੇ ਸਨ ਅਤੇ ਰੁੱਖ ਦੇ ਘੇਰੇ ਕਾਰਨ ਦੁਕਾਨਾਂ ਬਾਜ਼ਾਰ ਵੱਲੋਂ ਸਪਸ਼ਟ ਨਹੀਂ ਦਿਖਾਈ ਦਿੰਦੀਆਂ ਸਨ। ਇਸ ਮਾਮਲੇ ਵਿੱਚ ਗ੍ਰਾਮ ਪੰਚਾਇਤ ਬਾਲਿਆਂਵਾਲੀ, ਬਲਾਕ ਰਾਮਪੁਰਾ ਦੇ ਖੰਡ ਵਿਕਾਸ ਅਤੇ ਪੰਚਾਇਤ ਅਫ਼ਸਰ, ਜੰਗਲੀ ਜੀਵ ਅਤੇ ਸੁਰੱਖਿਆ ਵਿਭਾਗ ਬਠਿੰਡਾ, ਉਪਾਯੁਕਤ, ਪੰਚਾਇਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਕੋਲ ਵੀ ਦਰਖ਼ਾਸਤਾਂ ਭੇਜੀਆਂ ਗਈਆਂ ਸਨ, ਪਰ ਸ਼ਿਕਾਇਤਕਰਤਾ ਅਨੁਸਾਰ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਇਤ ਤੇ ਪੰਚਾਇਤ ਸਕੱਤਰਾਂ ਨੇ ਪ੍ਰਸ਼ਾਸਨ ਨੂੰ ਲਿਖਕੇ ਭੇਜ ਦਿੱਤਾ ਕਿ ਦਰੱਖਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਜਦਕਿ ਦਰੱਖਤ ਦੇ ਇੱਕ ਪਾਸੇ ਦੇ ਜ਼ਿਆਦਾਤਰ ਟਾਹਣੇ ਵੱਢੇ ਜਾ ਚੁੱਕੇ ਹਨ। ਮਾਮਲੇ ਸਬੰਧੀ ਵਕੀਲ ਹਿਮਾਂਸ਼ੂ ਬਾਂਸਲ, ਆਕਾਸ਼ ਕੌਸ਼ਲ ਤੇ ਅਭਿਨਵ ਕੌਸ਼ਲ ਨੇ ਕਿਹਾ ਕਿ ਬੋਹੜ ਦੇ ਦਰੱਖਤ ਨੂੰ ਬਿਨ੍ਹਾਂ ਮਨਜ਼ੂਰੀ ਵੱਢਣਾ ਗੰਭੀਰ ਕਾਨੂੰਨੀ ਉਲੰਘਣਾ ਹੈ। ਟਾਹਣੇ ਵੱਢਣ ਵਾਲਿਆਂ ਅਤੇ ਉਨ੍ਹਾਂ ਨੂੰ ਬਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹਿਆਂ ਖ਼ਿਲਾਫ਼ ਦੰਡਾਤਮਕ ਕਾਨੂੰਨੀ ਪ੍ਰਬੰਧਾਂ ਤਹਿਤ ਅਰਜ਼ੀ ਦਾਇਰ ਕਰ ਦਿੱਤੀ ਗਈ ਹੈ।ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਨੈਸ਼ਨਲ ਗਰੀਨ ਟਰਿਬਿਊਨਲ ਵੱਲੋਂ ਸੰਬੰਧਿਤ ਪੱਖਾਂ ਨੂੰ ਨੋਟਿਸ ਜਾਰੀ ਹੋਣ ਦੀ ਸੰਭਾਵਨਾ ਹੈ।