ਗੁਰੂ ਕਾਸ਼ੀ ’ਵਰਸਿਟੀ ’ਚ ਵਿਦਿਆਰਥੀਆਂ ਦੇ ਦੰਦਾਂ ਦੀ ਕੀਤੀ ਜਾਂਚ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ
Publish Date: Mon, 23 Feb 2026 06:08 PM (IST)
Updated Date: Tue, 24 Feb 2026 04:07 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਵਿੱਦਿਆ ਦੇ ਨਾਲ-ਨਾਲ ਸਮਾਜ ਸੇਵਾ ਵਿਚ ਮੋਹਰੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਵੱਲੋਂ ਦੋਸਤ ਵੈਲਫੇਅਰ ਸੁਸਾਇਟੀ ਰਜ਼ਿ. ਬਠਿੰਡਾ ਦੇ ਸਹਿਯੋਗ ਨਾਲ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਕੈਂਪਸ ਡਾਇਰੈਕਟਰ ਹਰਜਸਪਾਲ ਸਿੰਘ ਸਿੱਧੂ ਨੇ ਕੀਤਾ। ਜਿਸ ਵਿਚ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸੁਰੱਖਿਆ ਦੇਸਰਾਜ ਕੰਬੋਜ, ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ ਹਾਜ਼ਰ ਸਨ। ਕੈਂਪ ਵਿਚ ਡਾ. ਰਜਨੀਸ਼ ਜ਼ਿੰਦਲ, ਡਾ. ਅਸ਼ਮੀਨ, ਗੀਤਾ ਤੇ ਉਨ੍ਹਾਂ ਦੀ ਟੀਮ ਵੱਲੋ ਵਿਦਿਆਰਥੀਆਂ, ਸੇਵਾਦਾਰਾਂ, ਕਰਮਚਾਰੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਦਘਾਟਨ ਮੌਕੇ ਮੁੱਖ ਮਹਿਮਾਨ ਡਾ. ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਸ਼ਰੀਰਕ ਤੰਦਰੁਸਤੀ ਤੇ ਦੰਦਾਂ ਦੀ ਦੇਖਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਕੈਂਪ ਦਾ ਮੁੱਖ ਮਕਸਦ ਹੈ ਕਿਉਂਕਿ ਤੰਦਰੁਸਤ ਸ਼ਰੀਰ ਵਿਚ ਤੰਦੁਰਸਤ ਦਿਮਾਗ ਦਾ ਵਾਸਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ। ਇਸ ਲਈ ਇਨ੍ਹਾਂ ਵਿਚ ਸ਼ਰੀਰਕ ਤੰਦਰੁਸਤੀ, ਮਾਨਸਿਕ ਚੇਤਨਤਾ ਅਤੇ ਜਾਗਰੂਕ ਸੋਚ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹੇਗੀ। ਡਾਇਰੈਕਟਰ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਪਣੇ ਗੋਦ ਲਏ ਪਿੰਡਾਂ ਦੀ ਗਿਣਤੀ 5 ਤੋਂ ਵਧਾ ਕੇ 20 ਕਰ ਦਿੱਤੀ ਹੈ। ਜਿਸ ਵਿਚ ਉਹ ਐਨਐਸਐਸ ਵਿਭਾਗ ਦੇ ਸਹਿਯੋਗ ਨਾਲ ਸਿੱਖਿਆ ਦਾ ਪ੍ਰਕਾਸ਼, ਸਫਾਈ ਪ੍ਰਤੀ ਜਾਗਰੂਕਤਾ, ਅੰਧ-ਵਿਸ਼ਵਾਸ ਨੂੰ ਖਤਮ ਕਰਨਾ, ਆਲੇ-ਦੁਆਲੇ ਦੀ ਸਾਂਭ ਸੰਭਾਲ ਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਆਦਿ ਸਮਾਜ ਸੇਵਾ ਦੇ ਲਗਾਤਾਰ ਕੰਮ ਕਰਦੀ ਰਹੇਗੀ। ਕੈਂਪ ਵਿਚ ਡਾਕਟਰਾਂ ਦੀ ਟੀਮ ਵੱਲੋਂ 110 ਤੋਂ ਵੱਧ ਵਿਦਿਆਰਥੀਆਂ ਦਾ ਚੈਕਅੱਪ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।