ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਾਤ-ਭਾਸ਼ਾ ਦਿਵਸ ਸਬੰਧੀ ਪ੍ਰੋਗਰਾਮ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਪ੍ਰਬੁੱਧ ਭਾਸ਼ਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਸਾਬਕਾ ਮੁਖੀ ਪ੍ਰੋ. ਬੂਟਾ ਸਿੰਘ ਬਰਾੜ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਸਾਂਝੇ ਭਾਸ਼ਾਈ ਸ੍ਰੋਤਾਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਦੂਸਰੇ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਪ੍ਰਾਂਤਾਂ ਦੇ ਵਿਦਿਆਰਥੀਆਂ ਨੇ ਆਪੋ-ਆਪਣੀ ਮਾਤ-ਭਾਸ਼ਾ ਵਿੱਚ ਕਵਿਤਾ, ਗੀਤ, ਭਾਸ਼ਣ ਆਦਿ ਰਾਹੀਂ ਪੇਸ਼ਕਾਰੀਆਂ ਕਰਕੇ ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ ਦੀ ਜੀਵੰਤ ਉਦਾਹਰਣ ਪ੍ਰਸਤੁਤ ਕੀਤੀ। ਇਸਤੋਂ ਇਲਾਵਾ ਮਾਤ-ਭਾਸ਼ਾ ਵਿੱਚ ਦਸਤਖ਼ਤ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਸਾਂਝੇ ਬੈਨਰ ’ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਆਪਣੇ ਦਸਤਖ਼ਤ ਕੀਤੇ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਮਾਤ-ਭਾਸ਼ਾ ਜਸ਼ਨ ਕਮੇਟੀ ਦੇ ਸਾਂਝੇ ਉੱਦਮ ਸਦਕਾ ਉਲੀਕੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਬੂਟਾ ਸਿੰਘ ਬਰਾੜ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ। ਭਾਸ਼ਾ ਦੇ ਮਹੱਤਵ ਤੋਂ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਇਕੱਲਤਾ ਤੋਂ ਕੱਢ ਕੇ ਭਾਈਚਾਰਕ ਜੀਵਨ ਵੱਲ ਤੋਰਨ ਵਿੱਚ ਭਾਸ਼ਾ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਨੇ ਬਹੁਤ ਸਾਰੇ ਖੋਜ ਸ੍ਰੋਤਾਂ ਦੇ ਅਧਾਰ ਤੇ ਆਪਣੀ ਗੱਲ ਕਰਦਿਆਂ ਭਾਰਤੀ ਭਾਸ਼ਾਵਾਂ ਦੀ ਵਿਕਾਸ ਰੇਖਾ ਉਲੀਕੀ ਅਤੇ ਉਨ੍ਹਾਂ ਦੀਆਂ ਆਪਸੀ ਸਾਂਝਾਂ ਅਤੇ ਵਖਰੇਵਿਆਂ ਨੂੰ ਉਭਾਰਿਆ। 11ਵੀਂ-12ਵੀਂ ਸਦੀ ਦੇ ਸਾਹਿਤਕ ਸ੍ਰੋਤਾਂ ਦੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੀਆਂ ਰਚਨਾਵਾਂ ਵਿੱਚ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਮੁੱਢਲੇ ਭਾਸ਼ਾਈ ਅੰਸ਼ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਪ੍ਰਸਿੱਧ ਭਾਸ਼ਾ ਸ਼ਾਸਤਰੀਆਂ ਦੇ ਹਵਾਲੇ ਨਾਲ ਵਿਭਿੰਨ ਅਪਭ੍ਰੰਸ਼ਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਹਿੰਦੀ ਤੇ ਪੰਜਾਬੀ ਦਾ ਸੰਬੰਧ ਕ੍ਰਮਵਾਰ ਸ਼ੌਰਸ਼ੈਨੀ ਅਤੇ ਕੈਕਈ ਅਪਭ੍ਰੰਸ਼ਾਂ ਨਾਲ ਜੁੜਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਭਾਂਵੇ ਖੇਤਰੀ ਨੇੜਤਾ ਦੇ ਆਧਾਰ ’ਤੇ ਸਾਂਝ ਮਿਲਦੀ ਹੈ ਪਰ ਧੁਨੀਆਤਮਕ ਤੇ ਵਿਆਕਰਨਕ ਪੱਧਰ ‘ਤੇ ਵਖ਼ਰੇਵੇਂ ਮਿਲਦੇ ਹਨ। ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਭਾਰਤ ਦੇ ਲਗਭੱਗ ਹਰ ਖਿੱਤੇ ਤੋਂ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਇਸ ਲਈ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਪੋ-ਆਪਣੀ ਮਾਤ-ਭਾਸ਼ਾ ਵਿੱਚ ਪੇਸ਼ਕਾਰੀਆਂ ਕਰਵਾ ਕੇ ਭਾਸ਼ਾਈ ਵਿਭਿੰਨਤਾ ਅਤੇ ਸਹਿਹੋਂਦ ਦਾ ਨਮੂਨਾ ਪੇਸ਼ ਕੀਤਾ ਗਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਕਵਿਤਾ, ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਜਦੋਂਕਿ ਕੁਝ ਵਿਦਿਆਰਥੀਆਂ ਨੇ ਆਪਣੀ ਮਾਤ-ਭਾਸ਼ਾ ਵਿੱਚ ਵਿਚਾਰ ਪ੍ਰਸਤੁਤ ਕਰਕੇ ਜਾਂ ਕੋਈ ਟੋਟਕਾ ਸੁਣਾ ਕੇ ਵੀ ਆਪਣੇ ਖਿੱਤੇ ਦੀ ਮਹਿਕ ਸਭ ਨਾਲ ਸਾਂਝੀ ਕੀਤੀ। ਇਨ੍ਹਾਂ ਦੋਨਾਂ ਪ੍ਰੋਗਰਾਮਾਂ ਵਿੱਚ ਯੂਨੀਵਰਸਿਟੀ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਵਿਭਾਗਾਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਮਾਤ ਭਾਸ਼ਾ ਦਸਤਖਤ ਮੁਹਿੰਮ ਵੀ ਚਲਾਈ ਗਈ, ਜਿਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇੱਕ ਸਾਂਝੇ ਬੈਨਰ ’ਤੇ ਆਪਣੀਆਂ-ਆਪਣੀਆਂ ਭਾਸ਼ਾਵਾਂ ਵਿੱਚ ਦਸਤਖਤ ਕੀਤੇ।