10 ਪਿੰਡਾਂ ’ਚ 952 ਮਰੀਜ਼ਾਂ ਦੀ ਹੋਵੇਗੀ ਸਿਹਤ ਜਾਂਚ
ਐਚਐਮਈਐਲ ਦੀ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਪਿੰਡਾਂ ਵਿਚ ਏਮਜ਼ ਬਠਿੰਡਾ ਦਾ ਡਿਜ਼ੀਟਲ ਰਜਿਸਟ੍ਰੇਸ਼ਨ
Publish Date: Fri, 20 Feb 2026 08:28 PM (IST)
Updated Date: Sat, 21 Feb 2026 04:16 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿੰਡਾਂ ਵਿੱਚ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ-ਦਰਵਾਜ਼ੇ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਐਚਐਮਈਐਲ ਅਤੇ ਏਮਜ਼ ਬਠਿੰਡਾ ਵੱਲੋਂ ਸਾਂਝੇ ਤੌਰ ’ਤੇ ਸ਼ੁਰੂ ਕੀਤੀਆਂ ਮੋਬਾਈਲ ਮੈਡੀਕਲ ਯੂਨਿਟਾਂ ਸਿਹਤ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਤ ਕਰ ਰਹੀਆਂ ਹਨ। ਏਮਜ਼ ਦੀ ਮੋਬਾਈਲ ਟੀਮ ਪਿੰਡ-ਪਿੰਡ ਜਾ ਕੇ ਮਰੀਜ਼ਾਂ ਦਾ ਡਿਜ਼ੀਟਲ ਰਜਿਸਟ੍ਰੇਸ਼ਨ ਕਰ ਰਹੀ ਹੈ ਅਤੇ ਮੌਕੇ ’ਤੇ ਹੀ ਮੁਫ਼ਤ ਜਾਂਚ, ਸਲਾਹ ਤੇ ਦਵਾਈਆਂ ਪ੍ਰਦਾਨ ਕਰ ਰਹੀ ਹੈ। ਇਸ ਮੁਹਿੰਮ ਤਹਿਤ ਹਰ ਮਰੀਜ਼ ਦਾ ਡਿਜ਼ਿਟਲ ਹੈਲਥ ਕਾਰਡ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਸ ਦਾ ਪੂਰਾ ਮੈਡੀਕਲ ਰਿਕਾਰਡ ਆਨਲਾਈਨ ਅੱਪਡੇਟ ਰਹੇਗਾ। ਭਵਿੱਖ ਵਿੱਚ ਜਦੋਂ ਮਰੀਜ਼ ਏਮਜ਼ ਵਿੱਚ ਇਲਾਜ ਲਈ ਪਹੁੰਚੇਗਾ ਤਾਂ ਉਸ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਗੰਭੀਰ ਮਰੀਜ਼ਾਂ ਨੂੰ ਪਿੰਡ ਤੋਂ ਹੀ ਡਿਜ਼ਿਟਲ ਕਾਰਡ ਰਾਹੀਂ ਏਮਜ਼ ਲਈ ਰੈਫਰ ਕੀਤਾ ਜਾ ਸਕੇਗਾ ਅਤੇ ਉਨ੍ਹਾਂ ਨੂੰ ਖ਼ਾਸ ਗਾਈਡੈਂਸ ਸਹੂਲਤ ਵੀ ਦਿੱਤੀ ਜਾਵੇਗੀ।
ਇਹ ਪਹਿਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਸਥਿਤ 59 ਪਿੰਡਾਂ ’ਚ ਚਰਣਬੱਧ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ 10 ਪਿੰਡਾਂ ਵਿੱਚ ਲਗਾਏ ਕੈਂਪਾਂ ਦੌਰਾਨ ਕੁੱਲ 952 ਮਰੀਜ਼ਾਂ ਦਾ ਡਿਜ਼ਿਟਲ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੀ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਗਿਆ। ਅਭਿਆਨ ਦੀ ਸ਼ੁਰੂਆਤ ਪਿੰਡ ਰਾਮਸਰਾਂ ਤੋਂ ਕੀਤੀ ਗਈ, ਜਿੱਥੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਰਤਨ ਗੁਪਤਾ ਅਤੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਗੁਪਤਾ ਨੇ ਮੌਕੇ ’ਤੇ ਮਰੀਜ਼ਾਂ ਦੀ ਜਾਂਚ ਕਰ ਕੇ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਵੱਖ-ਵੱਖ ਪਿੰਡਾਂ ਰਾਮਸਰਾ (103), ਤਰਖਾਨਵਾਲਾ (62), ਫੁੱਲੋਖਾਰੀ (41), ਗਿਆਨਾ (129), ਮਲਕਾਨਾ (144), ਗਟਵਾਲੀ (98), ਸੇਖੂ (138), ਗੁਰਥੁਰੀ (63), ਕਨਕਵਾਲ (72) ਅਤੇ ਕਮਾਲੂ (102) ’ਚ ਸੈਂਕੜਿਆਂ ਮਰੀਜ਼ਾਂ ਨੇ ਸੇਵਾਵਾਂ ਦਾ ਲਾਭ ਲਿਆ। ਹਰ ਕੈਂਪ ’ਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੀਮੋਗਲੋਬਿਨ ਆਦਿ ਟੈਸਟ ਕੀਤੇ ਗਏ ਤੇ ਡਾਕਟਰੀ ਸਲਾਹ ਅਨੁਸਾਰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਗ੍ਰਾਮ ਪੰਚਾਇਤਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐਚਐਲਈਐਲ ਅਤੇ ਏਮਜ਼ ਪ੍ਰਬੰਧਨ ਦਾ ਧੰਨਵਾਦ ਕੀਤਾ।