ਪੰਚਾਇਤ ਸੰਮਤੀਆਂ ਦੇ ਚੇਅਰਮੈਨ–ਵਾਈਸ ਚੇਅਰਮੈਨ ਅਹੁਦਿਆਂ ਲਈ ਰਿਜ਼ਰਵੇਸ਼ਨ ਦਾ ਨੋਟੀਫਿਕੇਸ਼ਨ ਜਾਰੀ

- ਪੰਚਾਇਤ ਸੰਮਤੀਆਂ ’ਚ ਐੱਸਏਡੀ ਦੀ ਬੜਤ, ਬਰਾਬਰੀ ਵਾਲੇ ਜ਼ੋਨਾਂ ’ਚ ਕਾਂਗਰਸ ਬਣੇਗੀ ਕਿੰਗਮੇਕਰ
- ਚੇਅਰਮੈਨੀ ਤਿੰਨ ਮਹਿਲਾ, ਦੋ ਜਨਰਲ, ਦੋ ਐੱਸਸੀ ਅਤੇ ਇਕ ਐੱਸਸੀ ਮਹਿਲਾ ਲਈ ਰਾਖਵੀਂ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਜ਼ਿਲ੍ਹੇ ਅੰਦਰ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨਾਂ ਦੀ ਨਿਯੁਕਤੀ ਲਈ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤਹਿਤ ਜ਼ਿਲ੍ਹੇ ਦੀਆਂ ਅੱਠ ਪੰਚਾਇਤ ਸੰਮਤੀਆਂ ਲਈ ਤਿੰਨ ਔਰਤਾਂ, ਦੋ ਜਨਰਲ, ਦੋ ਐੱਸਸੀ ਅਤੇ ਇਕ ਐੱਸਸੀ ਮਹਿਲਾ ਲਈ ਚੇਅਰਮੈਨੀ ਰਾਖਵੀਂ ਕੀਤੀ ਗਈ ਹੈ। ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 14 ਦਸੰਬਰ 2025 ਨੂੰ ਹੋਈਆਂ ਸਨ ਅਤੇ ਨਤੀਜੇ 17 ਦਸੰਬਰ ਨੂੰ ਐਲਾਨੇ ਗਏ ਸਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਨੇ ਸਪੱਸ਼ਟ ਬੜਤ ਹਾਸਲ ਕੀਤੀ ਸੀ। ਹੁਣ ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀ ਜ਼ੋਨਾਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਿਕ ਵੱਖ-ਵੱਖ ਜ਼ੋਨਾਂ ਵਿੱਚ ਐੱਸਸੀ., ਮਹਿਲਾ, ਮਹਿਲਾ ਐੱਸਸੀ ਅਤੇ ਜਨਰਲ ਵਰਗਾਂ ਲਈ ਅਹੁਦੇ ਰਿਜ਼ਰਵ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਕੁੱਲ 137 ਪੰਚਾਇਤ ਸੰਮਤੀ ਜ਼ੋਨ ਹਨ। ਪਾਰਟੀਵਾਰ ਹਾਲਾਤ ਦੇਖੇ ਜਾਣ ਤਾਂ ਅਕਾਲੀ ਦਲ ਕੋਲ 79, ਆਮ ਆਦਮੀ ਪਾਰਟੀ (ਆਪ) ਕੋਲ 35, ਕਾਂਗਰਸ ਕੋਲ 16 ਅਤੇ ਆਜ਼ਾਦ ਉਮੀਦਵਾਰਾਂ ਕੋਲ 7 ਸੀਟਾਂ ਹਨ। ਨੋਟੀਫਿਕੇਸ਼ਨ ਤੋਂ ਬਾਅਦ ਪੰਚਾਇਤ ਸੰਮਤੀਆਂ ਵਿੱਚ ਅਹੁਦਿਆਂ ਚੋਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਬਹੁਮਤ ਵਿੱਚ ਹੈ, ਉੱਥੇ ਉਸ ਦਾ ਪੱਲੜਾ ਭਾਰੀ ਦਿਖਾਈ ਦੇ ਰਿਹਾ ਹੈ, ਜਦਕਿ ਬਰਾਬਰੀ ਜਾਂ ਤ੍ਰਿਕੋਣੀ ਮੁਕਾਬਲੇ ਵਾਲੇ ਜ਼ੋਨਾਂ ਵਿੱਚ ਕਾਂਗਰਸ ਦੀ ਭੂਮਿਕਾ ਨਿਰਣਾਇਕ ਰਹਿਣ ਦੀ ਸੰਭਾਵਨਾ ਹੈ। ਪੰਚਾਇਤ ਸੰਮਤੀ ਦੇ ਜ਼ੋਨਵਾਰ ਚੋਣ ਨਤੀਜਿਆਂ ਅਨੁਸਾਰ ਹੁਣ ਇਹ ਸਪੱਸ਼ਟ ਹੋ ਰਿਹਾ ਹੈ ਕਿ ਕਿਹੜੇ ਖੇਤਰਾਂ ਵਿੱਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਬਿਨਾਂ ਮੁਕਾਬਲੇ ਹੋਵੇਗੀ ਅਤੇ ਕਿੱਥੇ ਪਾਰਟੀਆਂ ਨੂੰ ਬਹੁਮਤ ਲਈ ਹੋਰਾਂ ਦਾ ਸਹਿਯੋਗ ਲੈਣਾ ਪਵੇਗਾ। ਕੁੱਲ ਮਿਲਾ ਕੇ ਜਿੱਥੇ ਕਿਸੇ ਇਕ ਪਾਰਟੀ ਕੋਲ ਮੈਂਬਰਾਂ ਦੀ ਸਪੱਸ਼ਟ ਗਿਣਤੀ ਬਲ ਹੈ, ਉੱਥੇ ਉਸੇ ਪਾਰਟੀ ਦਾ ਚੇਅਰਮੈਨ ਨਿਯੁਕਤ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜਦਕਿ ਬਰਾਬਰੀ ਜਾਂ ਤਿਕੋਣੇ ਮੁਕਾਬਲੇ ਵਾਲੇ ਜ਼ੋਨਾਂ ਵਿੱਚ ਜੋੜ-ਤੋੜ ਦੀ ਰਾਜਨੀਤੀ ਅਹਿਮ ਭੂਮਿਕਾ ਨਿਭਾਏਗੀ।
- ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਮਜ਼ਬੂਤ
ਬਠਿੰਡਾ ਪੰਚਾਇਤ ਸੰਮਤੀ ਦੇ 15 ਜ਼ੋਨਾਂ ਵਿੱਚੋਂ 13 ਜ਼ੋਨ ਸ਼੍ਰੋਮਣੀ ਅਕਾਲੀ ਦਲ ਕੋਲ ਹਨ, ਜਦਕਿ ਆਪ ਕੋਲ 2 ਜ਼ੋਨ ਹਨ। ਇੱਥੇ ਸ੍ਰੋਮਣੀ ਅਕਾਲੀ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੈ, ਇਸ ਲਈ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਬਿਨਾਂ ਮੁਕਾਬਲੇ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ। ਸੰਗਤ ਪੰਚਾਇਤ ਸੰਮਤੀ ਦੇ 15 ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 10, ਆਪ ਨੇ 4 ਅਤੇ ਕਾਂਗਰਸ ਨੇ 1 ਜੋਨ ਜਿੱਤਿਆ ਹੈ। ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਸਥਿਤੀ ਵਿੱਚ ਹੈ। ਗੋਨਿਆਣਾ ਪੰਚਾਇਤ ਸੰਮਤੀ ਦੇ 15 ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲ 11, ਕਾਂਗਰਸ ਕੋਲ 2 ਅਤੇ ਆਪ ਤੇ ਆਜ਼ਾਦ ਉਮੀਦਵਾਰ ਕੋਲ 1-1 ਜ਼ੋਨ ਹੈ। ਸਪੱਸ਼ਟ ਬਹੁਮਤ ਕਰ ਕੇ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਆਸਾਨੀ ਨਾਲ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਦੀ ਸਥਿਤੀ ਵਿੱਚ ਹੈ। ਨਥਾਣਾ ਪੰਚਾਇਤ ਸੰਮਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਹੋਰ ਵੀ ਮਜ਼ਬੂਤ ਹੈ। 16 ਜ਼ੋਨਾਂ ਵਿੱਚੋਂ 13 ਸ਼੍ਰੋਮਣੀ ਅਕਾਲੀ ਦਲ, 2 ਕਾਂਗਰਸ ਅਤੇ 1 ਆਜ਼ਾਦ ਕੋਲ ਹੈ। ਇਸ ਕਰ ਕੇ ਇੱਥੇ ਵੀ ਚੋਣ ’ਚ ਕਿਸੇ ਤਰ੍ਹਾਂ ਦੀ ਖਿੱਚਤਾਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਚਾਰਾਂ ਸੰਮਤੀਆਂ ਵਿੱਚ ਸ਼ਿਅਦ ਦੀ ਸਪੱਸ਼ਟ ਬੜਤ ਕਾਰਨ ਚੇਅਰਮੈਨ ਵਾਈਸ ਚੇਅਰਮੈਨ ਦੀ ਚੋਣ ਬਿਨਾਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ।
- ਬਰਾਬਰੀ ਵਾਲੇ ਜ਼ੋਨ : ਕਾਂਗਰਸ ਤੇ ਆਜ਼ਾਦ ਬਣ ਸਕਦੇ ਹਨ ਕਿੰਗਮੇਕਰ
ਕੁਝ ਪੰਚਾਇਤ ਸੰਮਤੀਆਂ ਵਿੱਚ ਕਿਸੇ ਵੀ ਪਾਰਟੀ ਕੋਲ ਪੂਰਾ ਬਹੁਮਤ ਨਹੀਂ ਹੈ ਅਤੇ ਉੱਥੇ ਹੋਰ ਪਾਰਟੀਆਂ ਦਾ ਸਹਿਯੋਗ ਨਿਰਣਾਇਕ ਸਾਬਤ ਹੋਵੇਗਾ। ਰਾਮਪੁਰਾ ਪੰਚਾਇਤ ਸੰਮਤੀ ਦੇ 18 ਜ਼ੋਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਦੋਵਾਂ ਕੋਲ 8-8 ਜ਼ੋਨ ਹਨ, ਜਦਕਿ 2 ਜ਼ੋਨ ਆਜ਼ਾਦ ਉਮੀਦਵਾਰਾਂ ਕੋਲ ਹਨ। ਇੱਥੇ ਬਹੁਮਤ ਲਈ ਦੋਵਾਂ ਵੱਡੀਆਂ ਪਾਰਟੀਆਂ ਨੂੰ ਆਜ਼ਾਦ ਮੈਂਬਰਾਂ ਦਾ ਸਹਾਰਾ ਲੈਣਾ ਪਵੇਗਾ। ਜਿਸ ਪਾਰਟੀ ਨੂੰ ਉਨ੍ਹਾਂ ਦਾ ਸਹਿਯੋਗ ਮਿਲੇਗਾ, ਉਹੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਵਿੱਚ ਕਾਮਯਾਬ ਰਹੇਗੀ। ਮੌੜ ਪੰਚਾਇਤ ਸਮਿਤੀ ਵਿੱਚ ਹਾਲਾਤ ਹੋਰ ਵੀ ਦਿਲਚਸਪ ਹਨ। 15 ਜ਼ੋਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਕੋਲ 6-6 ਜ਼ੋਨ ਹਨ, ਕਾਂਗਰਸ ਕੋਲ 2 ਅਤੇ 1 ਜ਼ੋਨ ਆਜ਼ਾਦ ਕੋਲ ਹੈ। ਇੱਥੇ ਕਾਂਗਰਸ ਪਾਰਟੀ ਆਪਣੀ ਭੂਮਿਕਾ ਅਦਾ ਕਰੇਗੀ। ਬਿਨਾਂ ਕਾਂਗਰਸ ਨੂੰ ਨਾਲ ਲਏ ਕਿਸੇ ਵੀ ਪਾਰਟੀ ਲਈ ਚੇਅਰਮੈਨ ਜਾਂ ਵਾਈਸ ਚੇਅਰਮੈਨ ਬਣਾਉਣਾ ਸੰਭਵ ਨਹੀਂ ਹੋਵੇਗਾ। ਫੂਲ ਪੰਚਾਇਤ ਸੰਮਤੀ ਦੇ 18 ਜ਼ੋਨਾਂ ਵਿੱਚ ਵੀ ਸਥਿਤੀ ਸਪੱਸ਼ਟ ਨਹੀਂ ਹੈ। ਸ਼ਰੋਮਣੀ ਅਕਾਲੀ ਦਲ ਕੋਲ 8, ਆਪ ਕੋਲ 6, ਕਾਂਗਰਸ ਕੋਲ 3 ਅਤੇ 1 ਜ਼ੋਨ ਆਜ਼ਾਦ ਕੋਲ ਹੈ। ਕਿਸੇ ਵੀ ਪਾਰਟੀ ਕੋਲ ਪੂਰਾ ਬਹੁਮਤ ਨਾ ਹੋਣ ਕਰਕੇ ਕਾਂਗਰਸ ਅਤੇ ਆਜ਼ਾਦ ਮੈਂਬਰਾਂ ਦੀ ਭੂਮਿਕਾ ਅਹਿਮ ਹੋ ਗਈ ਹੈ। ਜਿਸ ਪਾਸੇ ਗਠਜੋੜ ਬਣੇਗਾ, ਉਸੇ ਦੇ ਹੱਕ ਵਿੱਚ ਪੰਚਾਇਤ ਸੰਮਤੀ ਦੀ ਕਮਾਨ ਜਾਵੇਗੀ। ਤਲਵੰਡੀ ਸਾਬੋ ਪੰਚਾਇਤ ਸੰਮਤੀ ਵਿੱਚ ਕੁੱਲ 25 ਜ਼ੋਨ ਹਨ। ਸ਼੍ਰੋਮਣੀ ਅਕਾਲੀ ਦਲ ਨੇ 10, ਆਪ ਨੇ 9 ਅਤੇ ਕਾਂਗਰਸ ਨੇ 6 ਜ਼ੋਨ ਜਿੱਤੇ ਹਨ। ਇਹ ਪੂਰੀ ਤਰ੍ਹਾਂ ਤਿਕੋਣਾ ਮੁਕਾਬਲਾ ਹੈ। ਇੱਥੇ ਬਹੁਮਤ ਲਈ ਕਾਂਗਰਸ ਦਾ ਸਹਿਯੋਗ ਨਿਰਣਾਇਕ ਮੰਨਿਆ ਜਾ ਰਿਹਾ ਹੈ ਅਤੇ ਉਸਦੇ ਰੁਖ ’ਤੇ ਹੀ ਚੇਅਰਮੈਨ-ਵਾਈਸ ਚੇਅਰਮੈਨ ਦੀ ਚੋਣ ਨਿਰਭਰ ਕਰੇਗੀ।
-----
ਇਸ ਤਰ੍ਹਾਂ ਲੱਗਣਗੇ ਚੇਅਰਮੈਨ
ਚੇਅਰਮੈਨ ਅਹੁਦਾ : ਜ਼ੋਨਵਾਰ ਰਿਜ਼ਰਵੇਸ਼ਨ
ਤਲਵੰਡੀ ਸਾਬੋ : ਐੱਸਸੀ
ਮੌੜ : ਐੱਸਸੀ
ਨਥਾਣਾ : ਮਹਿਲਾ ਐੱਸਸੀ
ਗੋਨਿਆਣਾ : ਮਹਿਲਾ
ਬਠਿੰਡਾ : ਮਹਿਲਾ
ਸੰਗਤ : ਮਹਿਲਾ
ਫੂਲ : ਜਨਰਲ
ਰਾਮਪੁਰਾ : ਜਨਰਲ
-----
ਇਸ ਤਰ੍ਹਾਂ ਲੱਗਣਗੇ ਵਾਈਸ ਚੇਅਰਮੈਨ
ਵਾਈਸ ਚੇਅਰਮੈਨ ਅਹੁਦਾ : ਜ਼ੋਨਵਾਰ ਰਿਜ਼ਰਵੇਸ਼ਨ
ਤਲਵੰਡੀ ਸਾਬੋ : ਜਨਰਲ
ਮੌੜ : ਮਹਿਲਾ ਐੱਸਸੀ.
ਨਥਾਣਾ : ਮਹਿਲਾ
ਗੋਨਿਆਣਾ : ਐੱਸਸੀ
ਬਠਿੰਡਾ : ਜਨਰਲ
ਸੰਗਤ : ਐੱਸਸੀ
ਫੂਲ : ਮਹਿਲਾ
ਰਾਮਪੁਰਾ : ਮਹਿਲਾ
-----
ਚੋਣ ਨਤੀਜੇ : ਜੋਨਵਾਰ ਤਸਵੀਰ
ਬਠਿੰਡਾ (15 ਜ਼ੋਨ) : ਸ਼੍ਰੋਮਣੀ ਅਕਾਲੀ ਦਲ 13, ਆਪ 2
ਤਲਵੰਡੀ ਸਾਬੋ (25 ਜ਼ੋਨ) : ਕਾਂਗਰਸ 6, ਸ਼੍ਰੋਮਣੀ ਅਕਾਲੀ ਦਲ 10, ਆਪ 9
ਰਾਮਪੁਰਾ (18 ਜ਼ੋਨ) : ਸ਼੍ਰੋਮਣੀ ਅਕਾਲੀ ਦਲ 8, ਆਪ 8, ਆਜ਼ਾਦ 2
ਸੰਗਤ (15 ਜ਼ੋਨ): ਕਾਂਗਰਸ 1, ਸ਼੍ਰੋਮਣੀ ਅਕਾਲੀ ਦਲ 10, ਆਪ 4
ਫੂਲ (18 ਜ਼ੋਨ) : ਕਾਂਗਰਸ 3, ਸ਼੍ਰੋਮਣੀ ਅਕਾਲੀ ਦਲ 8, ਆਪ 6, ਆਜ਼ਾਦ 1
ਗੋਨਿਆਣਾ (15 ਜ਼ੋਨ) : ਕਾਂਗਰਸ 2, ਸ਼੍ਰੋਮਣੀ ਅਕਾਲੀ ਦਲ 11, ਆਪ 1, ਆਜ਼ਾਦ 1
ਮੌੜ (15 ਜ਼ੋਨ) : ਕਾਂਗਰਸ 2, ਸ਼੍ਰੋਮਣੀ ਅਕਾਲੀ ਦਲ 6, ਆਪ 6, ਆਜ਼ਾਦ 1
ਨਥਾਣਾ (16 ਜ਼ੋਨ) : ਕਾਂਗਰਸ 2, ਸ਼੍ਰੋਮਣੀ ਅਕਾਲੀ ਦਲ 13, ਆਜ਼ਾਦ 1