ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਖਿਆਲੀਵਾਲਾ ਘਟਨਾ ਸਬੰਧੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
Publish Date: Thu, 19 Feb 2026 05:58 PM (IST)
Updated Date: Thu, 19 Feb 2026 06:00 PM (IST)

- ਜਾਂਚ ਕਮੇਟੀ ਨੇ ਤਖਤ ਸਾਹਿਬ ’ਤੇ ਸੌਂਪੀ ਸੀ ਰਿਪੋਰਟ, ਸਿੰਘ ਸਾਹਿਬ ਵੱਲੋਂ ਮੁਲਜ਼ਮਾਂ ਨੂੰ ਤਰੁੰਤ ਗ੍ਰਿਫ਼ਤਾਰ ਕਰਨ ਦੀ ਹਦਾਇਤ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪਿੰਡ ਖਿਆਲੀਵਾਲਾ ਜ਼ਿਲ੍ਹਾ ਬਠਿੰਡਾ ਵਿਚ ਅੰਮ੍ਰਿਤਧਾਰੀ ਗੁਰਸਿੱਖ ਕਥਾ ਵਾਚਕ ਭਾਈ ਰਘਵੀਰ ਸਿੰਘ ਪੁੱਤਰ ਸਰਦੂਲ ਸਿੰਘ ਨਾਲ ਹੋਈ ਗੰਭੀਰ ਘਟਨਾ ਦੀ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਜਾਰੀ ਬਿਆਨ ਅਨੁਸਾਰ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੇ ਭਾਈ ਰਘਵੀਰ ਸਿੰਘ ਦੀ ਦਸਤਾਰ ਉਤਾਰ ਕੇ ਕੇਸ ਕਤਲ ਕਰ ਦਿੱਤੇ ਅਤੇ ਉਸ ਦੀ ਕੁੱਟਮਾਰ ਵੀ ਕੀਤੀ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਦੁਖਦਾਈ ਘਟਨਾ ਹੈ। ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਮਾਮਲੇ ਦੀ ਤੁਰੰਤ ਜਾਂਚ ਲਈ ਸਬ ਆਫ਼ਿਸ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ ਦੇ ਇੰਚਾਰਜ ਨੂੰ ਹੁਕਮ ਦਿੱਤੇ। ਇਸ ਮੌਕੇ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਅਤੇ ਭਾਈ ਹਰਦੀਪ ਸਿੰਘ ਬੱਲੋ ਪ੍ਰਚਾਰਕਾਂ ਨੂੰ ਪੜਤਾਲ ਦੀ ਡਿਊਟੀ ਸੌਂਪੀ ਗਈ। ਪ੍ਰਚਾਰਕਾਂ ਵੱਲੋਂ ਤੁਰੰਤ ਜਾਂਚ ਕਰ ਕੇ ਰਿਪੋਰਟ ਸਿੰਘ ਸਾਹਿਬ ਨੂੰ ਪੇਸ਼ ਕਰ ਦਿੱਤੀ ਗਈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਭਾਈ ਰਘਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਕਥਾ-ਵਿਚਾਰ ਕਾਰਨ ਦੋਸ਼ੀਆਂ ਨਾਲ ਨਿੱਜੀ ਰੰਜਿਸ਼ ਬਣ ਗਈ ਸੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਨਾ ਸਿਰਫ ਕੁੱਟਮਾਰ ਕੀਤੀ, ਸਗੋਂ ਕੈਚੀ ਨਾਲ ਕੇਸਾਂ ਅਤੇ ਕਕਾਰਾਂ ਦੀ ਵੀ ਬੇਅਦਬੀ ਕੀਤੀ। ਇਸ ਸਬੰਧੀ ਥਾਣਾ ਨੇਹੀਆਂਵਾਲਾ ਵਿਖੇ ਮੁਲਜ਼ਮਾਂ ਖ਼ਿਲਾਫ਼ ਧਾਰਾ 295-ਏ, 506, 323 ਅਤੇ 120-ਬੀ ਤਹਿਤ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਮੁਲਜ਼ਮ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਸਿੰਘ ਸਾਹਿਬ ਨੇ ਪ੍ਰਸ਼ਾਸਨ ਨੂੰ ਕੜੇ ਸ਼ਬਦਾਂ ਵਿਚ ਆਦੇਸ਼ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਮਰਯਾਦਾ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੀੜਤ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।