ਦਿਨੋਂ ਦਿਨ ਵਧਦਾ ਜਾ ਰਿਹੈ ਖੁਦਕੁਸ਼ੀਆਂ ਦਾ ਰੁਝਾਣ, ਪਰਿਵਾਰਾਂ ਨੂੰ ਖਤਮ ਕਰ ਕੇ ਹੋ ਰਹੀਆਂ ਖੁਦਕੁਸ਼ੀਆਂ
ਦਿਨੋਂ ਦਿਨ ਵਧਦਾ ਜਾ ਰਿਹੈ ਖੁਦਕੁਸ਼ੀਆਂ ਦਾ ਰੁਝਾਣ, ਪਰਿਵਾਰਾਂ ਨੂੰ ਖਤਮ ਕਰਕੇ ਹੋ ਰਹੀਆਂ ਖੁਦਕੁਸ਼ੀਆਂ
Publish Date: Thu, 19 Feb 2026 05:28 PM (IST)
Updated Date: Thu, 19 Feb 2026 05:30 PM (IST)

- ਕਿਧਰ ਨੂੰ ਜਾ ਰਿਹੈ ਸਾਡਾ ਰੰਗਲਾ ਪੰਜਾਬ - ਮਨੁੱਖ ’ਚੋਂ ਮਨੁੱਖ ਦੇ ਮਨਫ਼ੀ ਹੋਣ ਨਾਲ ਖਤਮ ਹੋ ਰਹੀ ਹੈ ਮਨੁੱਖਤਾ ਗੁਰਤੇਜ ਸਿੰਘ ਸਿੱਧੂ, ਸੀਨੀਅਰ ਰਿਪੋਰਟਰ ਬਠਿੰਡਾ : ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਸੋਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਆਖਰ ਸਾਡਾ ਰੰਗਲਾ ਪੰਜਾਬ ਕਿਧਰ ਜਾ ਰਿਹਾ ਹੈ। ਕਿਸੇ ਸਮੇਂ ਰਿਸ਼ਤੇ ਨਾਤਿਆਂ ਦੇ ਸਭ ਤੋਂ ਵੱਧ ਮਾਨ ਸਨਮਾਨ ਕਰਨ ਵਾਲੇ ਪੰਜਾਬੀ ਹੀ ਸਭ ਤੋਂ ਵਧ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ। ਪਹਿਲਾਂ ਬਹੁਤ ਘੱਟ ਲੋਕ ਖੁਦਕੁਸ਼ੀਆਂ ਕਰਦੇ ਸਨ ਪਰ ਇਸ ਦਾ ਵਰਤਾਰਾ ਦਿਨੋਂ ਦਿਨ ਵਧਦਾ ਹੀ ਗਿਆ, ਹੁਣ ਪੰਜਾਬ ਵਿਚ ਇਕ ਨਵਾਂ ਰੁਝਾਣ ਪੈਦਾ ਹੋ ਗਿਆ ਕਿ ਲੋਕ ਆਪਣੇ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਖੁਦਕੁਸ਼ੀ ਕਰਦੇ ਹਨ। ਪੰਜਾਬੀ ਅੰਦਰ ਨਸ਼ਿਆਂ ਤੋਂ ਇਲਾਵਾ ਪ੍ਰੇਮ ਸਬੰਧਾਂ ਨਾਲ ਸਭ ਤੋਂ ਵੱਧ ਕਤਲ ਤੇ ਖੁਦਕੁਸ਼ੀਆਂ ਹੋ ਰਹੀਆਂ ਹਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਨ ਦੇ ਵਰਤਾਰੇ ਪਿੱਛੇ ਭਾਵੇਂ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਪੁਲਿਸ ਦੇ ਰਿਕਾਰਡ ਅਨੁਸਾਰ ਅਜਿਹੇ ਵਰਤਾਰੇ ਪਿੱਛੇ ਪ੍ਰੇਮ ਸਬੰਧ, ਆਰਥਿਕ ਮੰਦਹਾਲੀ, ਨਸ਼ਾ ਤੇ ਅੰਧਵਿਸ਼ਵਾਸ ਜ਼ਿੰਮੇਵਾਰ ਹੈ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਦਾ ਸਿੱਧਾ ਸਬੰਧ ਅੰਧਵਿਸ਼ਵਾਸ਼ ਨਾਲ ਜਾ ਜੁੜਦਾ ਹੈ। ਜ਼ਮੀਨ ਜਾਇਦਾਦਾ ਦੇ ਲਾਲਚ ਵੱਸ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ। ਹੁਣ ਪੰਜਾਬ ਦਾ ਮਾਹੌਲ ਇਹ ਹੈ ਕਿ ਪੁੱਤ ਮਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ, ਕਿਧਰੇ ਮਾਂ ਆਪਣੇ ਪ੍ਰੇਮੀ ਖਾਤਰ ਮਾਸੂਮਾਂ ਦੀ ਬੜੀ ਚੜ੍ਹਾ ਰਹੀ ਹੈ। ਕਦੇਂ ਘਰ ਦਾ ਮੁਖੀ ਆਪਣੀ ਪਤਨੀ ਤੇ ਨੌਜਵਾਨ ਪੁੱਤਰਾਂ ਦਾ ਕਤਲ ਕਰ ਰਿਹਾ ਹੈ ਤੇ ਇਕ ਮਾਂ-ਪੁੱਤਰ ਨੂੰ ਨਹਿਰ ਵਿਚ ਧੱਕਾ ਦੇ ਰਹੀ ਹੈ। ਪੰਜਾਬ ਵਿਚ ਅਜਿਹਾ ਵਰਤਾਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜੋ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਪਰਿਵਾਰਕ ਮੈਂਬਰਾਂ ਦੇ ਕਤਲ ਕਰਨ ਬਾਅਦ ਖੁਦਕੁਸ਼ੀਆਂ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਦਾ ਕਾਰਨ ਪ੍ਰੇਮ ਜਾਂ ਫ਼ਿਰ ਨਾਜਾਇਜ਼ ਸਬੰਧਾਂ ਕਾਰਨ ਵਾਪਰ ਰਹੀਆਂ ਹਨ। ਕੌਮੀ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਹਰ ਸਾਲ ਦੇਸ਼ ਅੰਦਰ ਇਸ ਤਰ੍ਹਾਂ ਡੇਢ ਲੱਖ ਲੋਕ ਖੁਦਕੁਸ਼ੀਆਂ ਕਰਦੇ ਹਨ। ਪੰਜਾਬ ਅੰਦਰ ਕਈ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਬਜੀਦਪੁਰ ਵਿਚ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਚਾਰ ਸਾਲਾਂ ਬੱਚੇ ਨੂੰ ਕਤਲ ਕਰਨ ਬਾਅਦ ਆਪ ਖੁਦਕੁਸ਼ੀ ਕਰ ਲਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਵਿਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਔਰਤ ਨੇ ਆਪਣੇ ਪੁੱਤਰ ਅਤੇ ਧੀ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ। - ਮਨੁੱਖ ’ਚੋਂ ਮਨੁੱਖ ਦੇ ਮਨਫ਼ੀ ਹੋਣ ਨਾਲ ਖਤਮ ਹੋ ਰਹੀ ਹੈ ਮਨੁੱਖਤਾ ਲੋਕਾਂ ਦੀਆਂ ਮਾਨਵਵਾਦੀ ਸਾਝਾਂ ਪੂੰਜੀਵਾਦੀ ਕਦਰਾਂ-ਕੀਮਤਾਂ ਨੇ ਖਤਮ ਕਰ ਦਿੱਤੀਆਂ ਹਨ। ਹੁਣ ਹਾਲਤ ਇਹ ਹਨ ਕਿ ਭਰਾਵਾਂ ਵਿਚ ਹੀ ਆਪਸੀ ਸਰੀਕੇਬਾਜੀ, ਮੁਕਾਬਲੇਬਾਜੀ ਤੇ ਖਹਿਬਾਜੀ ਐਨੀ ਵਧ ਗਈ ਹੈ ਕਿ ਬਿਰਧ ਮਾਪਿਆਂ ਲਈ ਜਿਊਣਾ ਵੀ ਦੁੱਭਰ ਹੋ ਗਿਆ ਹੈ। ਰਾਤੋ ਰਾਤ ਅਮੀਰ ਹੋਣ, ਪੈਸੇ ਦੀ ਦੌੜ ਤੇ ਸ਼ੋਹਰਤ ਲਈ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਦਿੱਤਾ ਗਿਆ ਹੈ। ਹੁਣ ਨਾ ਤਾਂ ਮਾਂ ਦੀ ਪਵਿੱਤਰ ਕੁੱਖ ਦੀ ਕਦਰ ਹੁੰਦੀ ਹੈ ਨਾ ਮਾਂ ਦੇ ਇਲਾਹੀ ਦੁੱਧ ਦੀ ਇੱਜਤ ਦਾ ਖਿਆਲ ਹੁੰਦਾ ਹੈ। ਰਿਸ਼ਤੇ ਨਾਤਿਆਂ ਤੇ ਪ੍ਰਹੁਣਾਚਾਰੀ ਨੂੰ ਲੈ ਕੇ ਪੰਜਾਬ ਨੂੰ ਸਭ ਤੋਂ ਵੱਧ ਪਵਿੱਤਰ ਅਤੇ ਮੋਹ ਪੱਖੋਂ ਸਭ ਤੋਂ ਵੱਧ ਉਤਮ ਮੰਨਿਆ ਗਿਆ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਦਾ ਹਿੱਤ ਦੂਜੇ ਦੀ ਹਾਨੀ ਬਣੀ ਹੋਈ ਹੈ। ਚੀਜ਼ਾਂ ਦੇ ਮੋਹ ਨੇ ਭੈਣ, ਭਰਾ ਵਿਚੋਂ ਲਾਹੇ ਦਾ ਸੌਦਾ ਸੋਚਣ ਵਾਲੀ ਮਾਨਸਿਕਤਾ ਨੂੰ ਜਨਮ ਦਿੱਤਾ ਹੈ। ਵਰਤਮਾਨ ਪੰਜਾਬੀ ਸਮਾਜ ਵਿਚ ਪੁਰਾਤਨ ਰਿਸ਼ਤਾ ਪ੍ਰਣਾਲੀ ਦਾ ਤਾਣਾ-ਬਾਣਾ ਜਰਜਰਾ ਹੋ ਗਿਆ ਜਾਪਦਾ ਹੈ। ਮਨੁੱਖ ਵਿੱਚੋਂ ਮਨੁੱਖ ਦੇ ਮਨਫ਼ੀ ਹੋਣ ਦਾ ਭਾਵ ਮਨੁੱਖ ਵਿਚ ਮਨੁੱਖਤਾ ਖ਼ਤਮ ਹੋ ਰਹੀ ਹੈ। ਉਸ ਅੰਦਰ ਸੰਵੇਦਣਸ਼ੀਲਤਾ ਲਗਾਤਾਰ ਘਟ ਰਹੀ ਹੈ, ਪਰ ਉਂਝ ਕਿਹਾ ਜਾ ਰਿਹਾ ਹੈ ਕਿ ਮਨੁੱਖ ਲਗਾਤਾਰ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। - ਪੈਸੇ ਦਾ ਗੁਲਾਮ ਬਣ ਗਈ ਮਨੁੱਖਤਾ ਅੱਜ ਦੇ ਦੌਰ ਵਿਚ ਮਨੁੱਖ ਦੇ ਜੀਵਨ ਵਿਚ ਪੈਸਾ ਤੇ ਪਦਾਰਥ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ। ਇਸ ਨਾਲ ਮਨੁੱਖ ਦਾ ਗੂੜ੍ਹਾ ਰਿਸ਼ਤਾ ਹੈ, ਪਰ ਇਹ ਸੋਚਣਾ ਵੀ ਜ਼ਰੂਰੀ ਹੈ ਕਿ ਮਨੁੱਖ ਅਤੇ ਪਦਾਰਥ ਵਿੱਚੋਂ ਕਿਹੜਾ ਪੱਖ ਭਾਰੂ ਹੋ ਸਕਦਾ ਹੈ। ਇੱਥੇ ਮਨੁੱਖ ਹੀ ਪਦਾਰਥਾਂ ਦੀ ਸਿਰਜਣਾ ਕਰਦਾ ਰਿਹਾ ਹੈ। ਹੁਣ ਮਨੁੱਖ ਦੀ ਬਿਰਤੀ ਨਿੱਜਵਾਦ ’ਤੇ ਜਾ ਕੇ ਟਿਕੀ ਅਤੇ ਉਸ ਦਾ ਮਕਸਦ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵੱਲ ਹੈ। ਅਜਿਹੇ ਸਮੇਂ ਤੋਂ ਬਾਅਦ ਮਨੁੱਖ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ। ਭਾਵੇਂ ਮਨੁੱਖ ਹੀ ਨਵੇਂ ਪਦਾਰਥਾਂ ਦਾ ਸਿਰਜਣਹਾਰਾ ਰਿਹਾ ਹੈ, ਪਰ ਅਜੋਕੇ ਦੌਰ ਵਿੱਚ ਉਹ ਪਦਾਰਥਾਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ----- 9 ਜਨਵਰੀ ਨੂੰ ਫਾਈਨਾਂਸਰ ਅਮਨਦੀਪ ਸਿੰਘ ਨੇ ਆਪਣੀ ਪਤਨੀ ਜਸਵੀਰ ਕੌਰ ਤੇ ਦੋ ਪੁੱਤਰੀਆਂ ਨੂੰ ਗੋਲੀ ਮਾਰਨ ਬਾਅਦ ਖੁਦਕ਼ਸ਼ੀ ਕਰ ਲਈ ਸੀ। ਇਸ ਤਰ੍ਹਾਂ ਹੀ 9 ਫਰਵਰੀ ਵਿਚ ਤਰਨਤਾਰਨ ਵਿਚ ਇਕ ਵਿਦਿਆਰਥੀ ਪ੍ਰਿੰਸ ਨੇ ਆਪਣੀ ਜਮਾਤਣ ਲਾਅ ਦੀ ਕੁੜੀ ਨੂੰ ਗੋਲੀ ਮਾਰ ਕੇ ਆਪ ਖੁਦਕੁਸ਼ੀ ਕਰ ਲਈ ਸੀ। ਫਰਵਰੀ ਵਿਚ ਹੀ ਪਿੰਡ ਬਜੀਦਪੁਰ ਦੇ ਨੌਜਵਾਨ ਜਗਜੀਤ ਸਿੰਘ ਨੇ ਆਪਣੀ ਪਤਨੀ ਨਵਨੀਤ ਕੌਰ ਅਤੇ ਚਾਰ ਸਾਲਾਂ ਪੁੱਤਰ ਵਾਰਿਸ ਨੂੰ ਗੋਲੀ ਮਾਰ ਕੇ ਆਪ ਖੁਦਕੁਸ਼ੀ ਕਰ ਲਈ ਸੀ, ਜਦੋਂਕਿ ਉਸ ਦਾ ਵੱਡਾ 11 ਸਾਲਾਂ ਬੇਟਾ ਸਕੂਲ ਗਿਆ ਹੋਇਆ ਸੀ। 15 ਫ਼ਰਵਰੀ ਨੂੰ ਪਿੰਡ ਫੂਲੇਵਾਲਾ ਵਿਚ ਇਕ ਕਲਯੁੱਗ ਮਾਂ ਨੇ ਆਪਣੀ 12 ਸਾਲਾਂ ਧੀ ਸੁਖਪ੍ਰੀਤ ਕੌਰ ਅਤੇ 5 ਸਾਲਾਂ ਫਤਿਹਵੀਰ ਸਿੰਘ ਨੂੰ ਚੂਹੇ ਮਾਰ ਦਵਾਈ ਖਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਿਛਲੇ ਦਿਨਾਂ ’ਚ ਅਜਿਹੀਆਂ ਹਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ------ ਮਨੋਰੋਗ ਮਾਹਿਰ ਡਾ. ਅਰੁਣ ਬਾਂਸਲ ਦਾ ਕਹਿਣਾ ਸੀ ਕਿ ਬਹੁਤੇ ਲੋਕ ਆਪਣੇ ਜੀਵਨ ਤੋਂ ਸਤੁੰਸ਼ਟ ਨਹੀਂ ਹਨ ਤੇ ਮਾਨਸਿਕ ਪਰੇਸ਼ਾਨ ਰਹਿੰਦੇ ਹਨ, ਉਂਝ ਭਾਵੇਂ ਉਨ੍ਹਾਂ ਦੇ ਨਾਰਮਲ ਹੋਣ ਦਾ ਭੁਲੇਖਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦਾ ਫਾਇਦੇ ਘੱਟ ਪਰ ਸਾਡੇ ਸਮਾਜ ਨੂੰ ਵੱਡਾ ਨੁਕਸਾਨ ਹੋਇਆ ਹੈ। ਮੋਬਾਈਲ ਨੇ ਰਿਸ਼ਤੇ ਨਾਤੇ ਤੇਜ਼ੀ ਨਾਲ ਖਤਮ ਕਰ ਦਿੱਤੇ ਹਨ। ਬੱਚਿਆਂ ਵਿਚ ਪਰਿਵਾਰ ਦੇ ਸਸਕਾਰ ਹੀ ਨਹੀਂ ਭਰੇ ਜਾ ਸਕਦੇ। ਇਹੀ ਕਾਰਨ ਹੈ ਕਿ ਪੰਜਾਬ ਅੰਦਰ ਪਰਿਵਾਰਾਂ ਨੂੰ ਖਤਮ ਕਰ ਕੇ ਖੁਦਕੁਸ਼ੀਆਂ ਹੋ ਰਹੀਆਂ ਹਨ। ਉਨ੍ਹਾਂ ਇਸ ਪਿੱਛੇ ਲਾਲਚ ਤੇ ਅੰਧਵਿਸ਼ਵਾਸ ਨੂੰ ਵੀ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਲੋਕ ਮਾਨਸਿਕ ਤਨਾਅ ਤੇ ਮਾਨਸਿਕ ਪਰੇਸ਼ਾਨੀ ’ਚੋਂ ਲੰਘ ਰਹੇ ਹਨ। ਸਾਂਝੇ ਪਰਿਵਾਰ ਦਾ ਖਤਮ ਹੋਣਾ ਵੀ ਇਕ ਕਾਰਨ ਹੈ।