ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਲਈ ਸਖ਼ਤ ਪ੍ਰਬੰਧ : ਡਿਪਟੀ ਡੀਈਓ
ਬੋਰਡ ਪ੍ਰੀਖਿਆਵਾਂ ‘ਚ ਨਕਲ ਰੋਕਣ ਲਈ ਸਖ਼ਤ ਪ੍ਰਬੰਧ: ਡਿਪਟੀ ਡੀਓ ਚਮਕੌਰ ਸਿੰਘ ਸਿੱਧੂ
Publish Date: Thu, 19 Feb 2026 05:10 PM (IST)
Updated Date: Thu, 19 Feb 2026 05:12 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਆਗਾਜ਼ ਜ਼ਿਲ੍ਹਾ ਬਠਿੰਡਾ ਵਿਚ ਸਖ਼ਤ ਅਤੇ ਸੁਚੱਜੇ ਪ੍ਰਬੰਧਾਂ ਹੇਠ ਕੀਤਾ ਗਿਆ ਹੈ। ਪ੍ਰੀਖਿਆ ਕੇਂਦਰਾਂ ਅੰਦਰ ਅਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਪ੍ਰੀਖਿਆ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਠਿੰਡਾ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਸੀਸੀਟੀਵੀ ਨਿਗਰਾਨੀ, ਡਿਊਟੀ ਸਟਾਫ ਦੀ ਸਖ਼ਤ ਤਾਇਨਾਤੀ ਅਤੇ ਪ੍ਰਵੇਸ਼ ਦੁਆਰਾਂ ’ਤੇ ਚੈਕਿੰਗ ਦੀ ਵਿਵਸਥਾ ਕੀਤੀ ਗਈ ਹੈ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਅਧਿਕਾਰੀਆਂ ਅਤੇ ਸੁਪਰਡੈਂਟਾਂ ਨੂੰ ਬੋਰਡ ਦੇ ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਾ ਰਹੇ। ਨਕਲ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਉੱਡਣ ਦਸਤਿਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਅਚਨਚੇਤ ਦੌਰੇ ਕਰ ਕੇ ਚੈਕਿੰਗ ਕੀਤੀ ਗਈ। ਦੌਰਾਨੇ ਚੈਕਿੰਗ ਕਿਸੇ ਵੀ ਕੇਂਦਰ ’ਤੇ ਨਕਲ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਵੀ ਕੇਂਦਰ ’ਤੇ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦਾ ਮਕਸਦ ਸਿਰਫ਼ ਪ੍ਰੀਖਿਆ ਲੈਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਇਮਾਨਦਾਰੀ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨਾ ਵੀ ਹੈ। ਇਸ ਲਈ ਵਿਦਿਆਰਥੀਆਂ ਨੂੰ ਨਕਲ ਤੋਂ ਦੂਰ ਰਹਿਣ ਅਤੇ ਆਪਣੀ ਮਿਹਨਤ ’ਤੇ ਭਰੋਸਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਮਾਨਦਾਰੀ ਨਾਲ ਪ੍ਰੀਖਿਆ ਦੇਣ ਲਈ ਉਤਸ਼ਾਹਿਤ ਕਰਨ।