ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਜੀਵਨ ਲੀਲਾ ਕੀਤੀ ਸਮਾਪਤ
ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ
Publish Date: Thu, 19 Feb 2026 05:02 PM (IST)
Updated Date: Thu, 19 Feb 2026 05:03 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਭਾਈ ਰੂਪਾ ਦੇ ਇੱਕ ਵਿਅਕਤੀ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਥਾਣਾ ਫੂਲ ਦੀ ਪੁਲਿਸ ਨੇ ਇਸ ਮਾਮਲੇ ਵਿਚ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਜਸਪ੍ਰੀਤ ਕੌਰ ਵਾਸੀ ਭਾਈ ਰੂਪਾ ਨੇ ਦੱਸਿਆ ਕਿ ਉਸ ਦੇ ਪਤੀ ਮਲਕੀਤ ਸਿੰਘ 44 ਸਾਲਾਂ ਨੇ ਚੰਗੀ ਨਸਲ ਦੀਆਂ ਗਊਆਂ ਰੱਖੀਆਂ ਹੋਈਆਂ ਸਨ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹੀ ਜਗਦੇਵ ਸਿੰਘ ਅਤੇ ਉਸਦੀ ਪਤਨੀ ਰਮਨਦੀਪ ਕੌਰ ਵਾਸੀਆਨ ਪਿੰਡ ਦੌਲਤਪੁਰਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਇਸ ਤੋਂ ਵੀ ਵਧੀਆ ਨਸਲ ਦੀਆਂ ਗਊਆਂ ਦਵਾ ਸਕਦੇ ਹਨ। ਇਸ ਦੌਰਾਨ ਉਕਤ ਮੁਲਜ਼ਮ ਉਸ ਦੇ ਘਰ ਵਿਚ ਖੜ੍ਹੀਆਂ ਗਊਆਂ ਵੀ ਲੈ ਗਏ ਅਤੇ ਉਸ ਦੇ ਪਤੀ ਨਾਲ 15 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਪਤੀ ਮਲਕੀਤ ਸਿੰਘ ਨੇ ਪਤੀ ਪਤਨੀ ਕੋਲੋਂ ਕਈ ਵਾਰ ਆਪਣੇ ਪੈਸਿਆਂ ਦੀ ਮੰਗ ਕੀਤੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਪਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਥਾਣਾ ਫੂਲ ਦੇ ਸਹਾਇਕ ਥਾਣੇਦਾਰ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।