ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸੈਮੀਨਾਰ ਕਰਵਾਇਆ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ’ਤੇ ਸੈਮੀਨਾਰ ਕਰਵਾਇਆ
Publish Date: Thu, 19 Feb 2026 04:26 PM (IST)
Updated Date: Thu, 19 Feb 2026 04:30 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਅਤੇ ਫੈਕਲਟੀ ਆਫ਼ ਇੰਜੀਨੀਅਰਿੰਗ ਵੱਲੋਂ ਆਈਕਿਉਏਸੀ ਦੇ ਸਹਿਯੋਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ’ਤੇ ਐਡਵਾਂਸ ਕਰੀਅਰ ਟਰਾਂਸਫਾਰਮਰ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਅਮਨ ਐੱਸ. ਗੁਪਤਾ ਕੋ-ਫਾਊਂਡਰ ਸੀਟੀਓ ਸਰਸ ਏਆਈ ਇੰਸਟੀਚਿਊਟ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਜੀਕੇਯੂ ਦੇ ਪਰੋ ਵਾਈਸ ਚਾਂਸਲਰ ਪ੍ਰੋ. ਡਾ. ਜਗਤਾਰ ਸਿੰਘ ਧੀਮਾਨ ਅਤੇ ਸਰਸ ਇੰਸਟੀਚਿਊਟ ਦੇ ਅਮਨ ਐੱਸ. ਗੁਪਤਾ ਵੱਲੋਂ ਦੁਵੱਲਾ ਸਮਝੌਤਾ ਹਸਤਾਖ਼ਰ ਕੀਤਾ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਅਮਨ ਗੁਪਤਾ ਨੇ ਆਰਟੀਫਿਸੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਜਨਰੇਟਿਵ ਏਆਈ. ਦੇ ਉੱਭਰਦੇ ਰੁਝਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੈਕਨਾਲੋਜੀ ਕਿਸ ਤਰ੍ਹਾਂ ਵੱਖ-ਵੱਖ ਉਦਯੋਗਾਂ ਦੇ ਮੁਹਾਂਦਰੇ ਬਦਲ ਰਹੀਆਂ ਹਨ। ਜਿਸ ਕਾਰਨ ਰੁਜ਼ਗਾਰ ਅਤੇ ਹੋਰਨਾਂ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਇਸ ਮੌਕੇ ਡਾ. ਧੀਮਾਨ ਨੇ ਕਿਹਾ ਕਿ ਸੈਮੀਨਾਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਰਟੀਫਿਸ਼ੀਅਲ ਇੰਟੈਲੀਜੈਂਸ ‘ਸਭਨਾਂ ਲਈ’ ਦੇ ਹੌਕੇ ਨੂੰ ਸੱਚ ਸਾਬਿਤ ਕਰਦੀ ਹੈ ਕਿਉਂਕਿ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਰੁਜ਼ਗਾਰ ਦੇ ਮੌਕਿਆਂ ਦੇ ਕਾਬਲ ਬਣਨ, ਨੈਤਿਕ ਏਆਈ ਦਾ ਇਸਤੇਮਾਲ ਅਤੇ ਏਆਈ. ਦੀਆਂ ਨਵੀਨਤਮ ਪ੍ਰਣਾਲੀਆਂ ਬਾਰੇ ਜਾਣੂ ਹੋਣ ਲਈ ਤਿਆਰ ਕਰਦਾ ਹੈ। ਇਸ ਮੌਕੇ ਡਾ. ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ ਅਤੇ ਡਾਇਰੈਕਟਰ ਆਈਕਿਊਏਸੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਏਆਈ ਵਿਦਿਆਰਥੀਆਂ ਦੇ ਕਰੀਅਰ ਦੀ ਬੁਨਿਆਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਤਕ ਸੀਮਿਤ ਨਾ ਰਹਿ ਕੇ ਸਿਹਤ, ਇੰਜੀਨੀਅਰਿੰਗ, ਖੇਤੀਬਾੜੀ ਸਿੱਖਿਆ ਤੇ ਡਿਜ਼ਾਇਨਿੰਗ ਵਰਗੇ ਖੇਤਰਾਂ ਵਿੱਚ ਉੱਭਰ ਰਹੀਆਂ ਸੰਭਵਾਨਾਵਾਂ ਤੋਂ ਲਾਭ ਉਠਾਉਣ ਲਈ ਨਵੇਂ ਸਟਾਰਟ-ਅੱਪ ਸ਼ੁਰੂ ਕਰਨ ਦਾ ਮਸ਼ਵਰਾ ਵੀ ਦਿੱਤਾ। ਸੈਮੀਨਾਰ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਵੱਡੀ ਹਾਜ਼ਰੀ ਨੇ ਸੈਮੀਨਾਰ ਦੇ ਸਮੇਂ ਦੇ ਹਾਣ ਦਾ ਹੋਣ ਦਾ ਸਬੂਤ ਪੇਸ਼ ਕੀਤਾ।