ਪਾਥਫਾਈਂਡਰ ਸਕੂਲ ’ਚ ਵਿਦਾਇਗੀ ਸਮਾਗਮ ਕਰਵਾਇਆ
ਪਾਥਫਾਇੰਡਰ ਗਲੋਬਲ ਸਕੂਲ ਵਿਚ ਵਿਦਾਇਗੀ ਸਮਾਰੋਹ ਕਰਵਾਇਆ
Publish Date: Tue, 17 Feb 2026 07:57 PM (IST)
Updated Date: Wed, 18 Feb 2026 04:13 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਪਾਥਫਾਇੰਡਰ ਗਲੋਬਲ ਸਕੂਲ ਵਿਚ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਬੜੀ ਸ਼ਾਨਦਾਰ ਅਤੇ ਯਾਦਗਾਰ ਢੰਗ ਨਾਲ ਕਰਵਾਇਆ ਗਿਆ। ਸਕੂਲ ਪ੍ਰਾਂਗਣ ਨੂੰ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ ਅਤੇ ਖੁਸ਼ਗਵਾਰ ਮਾਹੌਲ ਵਿਚ ਸਮਾਗਮ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਨੀਲ ਬਾਂਸਲ, ਮੈਨੇਜਿੰਗ ਡਾਇਰੈਕਟਰ ਸੁਮੀਤ ਬਾਂਸਲ, ਪ੍ਰਿੰਸੀਪਲ ਈਸ਼ੂ ਰਾਣੀ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜੂਨੀਅਰ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਈਸ਼ੂ ਰਾਣੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਉਪਲੱਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਪ੍ਰਤਿਬੱਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਨੂੰ ਅਪਣਾਉਂਦੇ ਹੋਏ ਆਪਣੇ ਲਕਸ਼ ਪ੍ਰਾਪਤ ਕਰਨ ਲਈ ਨਿਰੰਤਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਸਮਾਰੋਹ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਸਮੂਹ ਗੀਤਾਂ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਸ-ਮਜ਼ਾਕ ਭਰੇ ਪ੍ਰੋਗਰਾਮਾਂ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਬਾਰਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਆਪਣੇ ਸਕੂਲੀ ਅਨੁਭਵ ਸਾਂਝੇ ਕਰਦੇ ਹੋਏ ਅਧਿਆਪਕਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦੀਆਂ ਯਾਦਾਂ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਰਹਿਣਗੀਆਂ। ਇਸ ਮੌਕੇ “ਮਿਸਟਰ ਫੈਅਰਵੈਲ”, “ਮਿਸ ਫੈਅਰਵੈਲ”, “ਸਰਵੋਤਮ ਵਿਅਕਤਿਤਵ” ਅਤੇ “ਸਰਵੋਤਮ ਪਹਿਰਾਵਾ” ਵਰਗੇ ਖ਼ਿਤਾਬਾਂ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਸਕੂਲ ਦਾ ਨਾਮ ਰੌਸ਼ਨ ਕਰਨਗੇ। ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਯਾਦਗਾਰੀ ਤੋਹਫ਼ੇ ਭੇਟ ਕਰਕੇ ਆਪਣਾ ਧੰਨਵਾਦ ਪ੍ਰਗਟਾਇਆ ਗਿਆ। ਇਹ ਵਿਦਾਇਗੀ ਸਮਾਰੋਹ ਵਿਦਿਆਰਥੀਆਂ ਲਈ ਯਾਦਗਾਰ ਪਲ ਬਣ ਗਿਆ ਅਤੇ ਸਕੂਲ ਦੇ ਸਨੇਹਪੂਰਣ ਮਾਹੌਲ ਅਤੇ ਸਾਂਝੀ ਭਾਵਨਾ ਨੂੰ ਦਰਸਾਉਂਦਾ ਨਜ਼ਰ ਆਇਆ।