ਧੰਨ ਗੁਰੂ ਨਾਨਕ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਮੌਕੇ

ਸੰਜੀਵ ਸਿੰਗਲਾ, ਪੰਜਾਬੀ ਜਾਗਰਣ
ਭਾਈ ਰੂਪਾ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰਮਲ ਡੇਰਾ ਖੂਹਾਂ ਵਾਲਾ ਭਾਈ ਰੂਪਾ ਵਿਖੇ 30 ਅਕਤੂਬਰ ਤੋਂ ਆਰੰਭ ਹੋਏ ਗੁਰਮਤਿ ਸਮਾਗਮਾਂ ਦੀ ਸੰਪੂਰਨਤਾ 7 ਨਵੰਬਰ ਨੂੰ ਚੜ੍ਹਦੀ ਕਲਾ ਨਾਲ ਹੋਈ। 30 ਅਕਤੂਬਰ ਤੋਂ ਆਰੰਭ ਹੋਈਆਂ ਪ੍ਰਭਾਤ ਫੇਰੀਆਂ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਬੜੇ ਉਤਸ਼ਾਹ ਨਾਲ ਹਾਜ਼ਰ ਹੋ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੱਸ ਕੀਤਾ। ਸਭ ਤੋਂ ਅੱਗੇ ਝਾੜੂ ਸੇਵਾ ਵਾਲੇ, ਗੁਰੂ ਸਾਹਿਬ ਦੇ ਝੂਲਦੇ ਨਿਸ਼ਾਨ, ਪਾਲਕੀ ਸਾਹਿਬ ਵਿਚ ਹੁੰਦਾ ਕੀਰਤਨ ‘ਸਤਿਗੁਰ ਨਾਨਕ ਪ੍ਰਗਟਿਆ ਦੇ ਪਾਵਨ ਸ਼ਬਦ ਦੀਆਂ ਗੂੰਜਦੀਆਂ ਧੁਨਾਂ’ ਬਾਬਾ ਪਰਮਿੰਦਰ ਸਿੰਘ ਕੁਲਾਰ ਅਤੇ ਸੇਵਾਦਾਰ ਸੰਗਤ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਗੁਰੂ ਦੀਆਂ ਸਿੱਖ ਸੰਗਤਾਂ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਕੀਰਤਨ ਦੇ ਨਾਲ ਹਾਜ਼ਰੀ ਭਰਦੇ ਹੋਏ ਹਰ ਰੋਜ਼ ਅੰਮ੍ਰਿਤ ਵੇਲੇ ਤਿੰਨ ਵਜੇ ਤੋਂ ਸਵਾ 6-7 ਵਜੇ ਤਕ ਨਗਰ ਦੀ ਪਰਿਕਰਮਾ ਕਰਦੀਆਂ ਸੰਗਤਾਂ ਲਈ ਰਸਤੇ ਵਿੱਚ ਗੁਰਮੁੱਖ ਪਰਿਵਾਰਾਂ ਵੱਲੋਂ ਚਾਹ ਦੇ ਲੰਗਰ ਲਾਏ ਗਏ। 1 ਨਵੰਬਰ ਤੋਂ ਹੀ ਧੁਰ ਕੀ ਬਾਣੀ ਦੇ ਪ੍ਰਵਾਹ, ਪਾਵਨ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਈ। ਜਿਸ ਵਿਚ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਗੁਰਜੰਤ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ। 1 ਤੋਂ 3 ਤਕ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 3 ਤੋਂ 5 ਤਕ ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਕੱਤਕ ਦੀ ਪੂਰਨਮਾਸ਼ੀ ’ਤੇ ਪਾਏ ਗਏ ਅਤੇ 5 ਤੋਂ 7 ਤਕ ਤੀਜੀ ਟਰਨ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦੂਜੇ ਤੇ ਤੀਜੇ ਪਾਵਨ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਨਿਰਮਲ ਡੇਰਾ ਖੂਹਾਂ ਵਾਲਾ ਦੀ ਸੇਵਾਦਾਰ ਸੰਗਤਾਂ ਵੱਲੋਂ ਕੀਤੀ ਗਈ। 6 ਨਵੰਬਰ ਨੂੰ ਪੰਡਾਲ ਵਿਚ ਸ਼ਾਮ ਨੂੰ 7 ਤੋਂ 10 ਵਜੇ ਤਕ ਗੁਰਮਤਿ ਦੀਵਾਨ ਸਜਾਏ ਗਏ। ਜਿਨ੍ਹਾਂ ਵਿਚ ਨਿਰਮਲ ਡੇਰਾ ਖੂਹਾਂ ਵਾਲਾ ਦੇ ਵਿਦਿਆਰਥੀਆਂ ਵੱਲੋਂ ਅਤੇ ਬੱਚੀਆਂ ਵੱਲੋਂ ਕੀਰਤਨ ਆਰੰਭ ਕੀਤਾ ਗਿਆ।
ਇਸ ਉਪਰੰਤ ਭਾਈ ਲਵਪ੍ਰੀਤ ਸਿੰਘ ਜਿਉਂਦ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਵਿਸ਼ੇਸ਼ ਸੱਦੇ ’ਤੇ ਪਹੁੰਚੇ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੇ ਇੱਕ ਘੰਟਾ ਕੀਰਤਨ ਹਾਜ਼ਰੀ ਭਰੀ ਅਤੇ ਅਖੀਰ ਵਿਚ ਉੱਘੇ ਕਥਾ ਵਾਚਕ ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲੇ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਦੀ ਹਾਜ਼ਰੀ ਭਰਦੇ ਹਨ। ਉਨ੍ਹਾਂ ਨੇ ਸਵਾ ਘੰਟਾ ਕਥਾ ਦੀ ਹਾਜ਼ਰੀ ਭਰੀ। ਸਮਾਪਤੀ ਅਰਦਾਸ ਅਤੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਨਾਲ ਹੋਈ। ਸਰ੍ਹੋਂ ਦੇ ਸਾਗ ਅਤੇ ਮੱਕੀ ਦੇ ਪ੍ਰਸ਼ਾਦੇ, ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ। 5 ਨਵੰਬਰ ਕੱਤਕ ਸੁਦੀ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ ਵੇਲੇ 1 ਵਜੇ ਤੋਂ 3:15 ਵਜੇ ਤਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਸਮੇਂ ਨੂੰ ਮੁੱਖ ਰੱਖਦੇ ਹੋਏ ਨਿਰਮਲ ਡੇਰਾ ਖੂਹਾਂ ਵਾਲਾ ਦੇ ਵਿਦਿਆਰਥੀ ਅਤੇ ਗ੍ਰੰਥੀ ਭਾਈ ਕਰਨਦੀਪ ਸਿੰਘ ਰਾਗੀ, ਭਾਈ ਮਨਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ ਸੁੱਖੀ ਮਰਦਾਨੇ ਕੇ, ਭਾਈ ਗੁਰਸ਼ਰਨ ਸਿੰਘ, ਭਾਈ ਮਨਦੀਪ ਸਿੰਘ ਅਤੇ ਬਾਬਾ ਜੀ ਵੱਲੋਂ ਜੱਥੇ ਸਮੇਤ ਕੀਰਤਨ ਦੀਵਾਨ ਸਜਾਏ ਗਏ।
ਇਨ੍ਹਾਂ ਮੁਬਾਰਕ ਘੜੀਆਂ ਅਤੇ ਖੁਸ਼ੀ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਲਈ ਲੱਡੂਆਂ ਦੇ ਪ੍ਰਸ਼ਾਦ ਅਤੇ ਚਾਹ ਦਾ ਲੰਗਰ ਛਕਾਇਆ ਗਿਆ। 7 ਨਵੰਬਰ ਨੂੰ ਸਵੇਰੇ 9 ਵਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਪਾਵਨ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਗਏ। ਇਸ ਉਪਰੰਤ ਭੋਗਾਂ ਤੇ ਬਾਬਾ ਪਰਮਿੰਦਰ ਸਿੰਘ ਕੁਲਾਰ ਵੱਲੋਂ ਪੰਡਾਲ ਵਿਚ ਗੁਰਮਤਿ ਦੀਵਾਨ ਸਜਾਇਆ ਗਿਆ। ਸਮਾਪਤੀ ਅਰਦਾਸ ਅਤੇ ਗੁਰੂ ਸਾਹਿਬ ਜੀ ਦੇ ਪਾਵਨ ਹੁਕਮਨਾਮਾ ਸਾਹਿਬ ਨਾਲ ਹੋਈ। ਇਸ ਸਮੇਂ ਸਮੁੱਚੀ ਸ੍ਰੀ ਗੁਰੂ ਨਾਨਕ ਲੇਵਾ ਸੰਗਤ ਵਿਚ ਗੁਰਬਾਣੀ ਜਾਪ ਕਰਨ ਵਾਲੇ ਪਾਠੀ ਸਿੰਘਾਂ ਨੂੰ ਸਿਰੋਪਾਓ ’ਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਭੋਗਾਂ ਉਪਰੰਤ ਪਹੁੰਚੀ ਜੇਕੇ ਲਾਈਫ ਕੇਅਰ ਦੀ ਸਮੁੱਚੀ ਟੀਮ ਨੂੰ ਸਨਮਾਨ ਚਿੰਨ੍ਹਾਂ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਪਰਮਿੰਦਰ ਸਿੰਘ ਕੁਲਾਰ ਮੁੱਖ ਸੇਵਾਦਾਰ ਨਿਰਮਲ ਡੇਰਾ ਖੂਹਾਂ ਵਾਲਾ ਭਾਈ ਰੂਪਾ (ਅਗਵਾੜ ਸੰਧੂਆਂ) ਵੱਲੋਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।