ਆਰਥਿਕ ਪੱਖੋ ਕਮਜ਼ੋਰ ਸਕੂਲ ਦੇ ਬੱਚਿਆਂ ਦਾ ਕਲੇਅ ਇੰਡੀਆਂ ਸਕੂਲ ਦੇ ਵਿਦਿਆਰਥੀ ਬਣੇ ਸਹਾਰਾ
–ਸਕੂਲ ’ਚ ਜਾ ਕੇ ਦਿੱਤੀਆਂ ਕਿਤਾਬਾਂ, ਖਿਡੌਣੇ ਤੇ ਮਠਿਆਈ
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੀਆਂ ਸੰਗਤ ਕੈਂਚੀਆਂ ਨਜ਼ਦੀਕ ਬਣੇ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ’ਚ ਸਕੂਲ ਦੇ ਚੇਅਰਮੈਨ ਜੀਐੱਸ ਢਿੱਲੋਂ ਦੀ ਅਗਵਾਈ ਹੇਠ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੇ ਅਲੱਗ–ਅਲੱਗ ਗਤੀਵਿਧੀਆਂ ’ਚ ਹਿੱਸਾ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ’ਮੁਸਕਰਾਹਟ ਫੈਲਾਓ’ ਦਾ ਸੁਨੇਹਾ ਦੇਣ ਲਈ ਅਤੇ ਦੂਜਿਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਬਠਿੰਡਾ ਦੇ ’ਪਰਿਆਸ ਇੰਟਰਨੈਸ਼ਨਲ ਸਕੂਲ’ ’ਚ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੀਆਂ ਚੀਜ਼ਾਂ, ਕਿਤਾਬਾਂ, ਕਾਪੀਆਂ, ਖਿਡਾਉਣੇ ਤੇ ਮਠਿਆਈਆਂ ਵੰਡੀਆਂ। ’ਪਰਿਆਸ ਇੰਟਰਨੈਸ਼ਨਲ ਸਕੂਲ’ ਆਰਥਿਕ ਤੌਰ ’ਤੇ ਪੱਛੜੇ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗਰੀਬ ਮਜ਼ਦੂਰ ਪਰਿਵਾਰਾਂ ਦੇ ਮੈਂਬਰਾਂ ਨੂੰ ਦੀਵੇ, ਮੋਮਬੱਤੀਆਂ, ਕੱਪੜੇ ਅਤੇ ਮਿਠਿਆਈਆਂ ਵੀ ਵੰਡੀਆਂ।ਸਕੂਲ ਦੇ ਡਾਇਰੈਕਟਰ ਮੈਡਮ ਵਰਿੰਦਰ ਕੌਰ ਨੇ ਦੱਸਿਆ ਕਿ ਇਸ ਦੀਵਾਲੀ ਮੌਕੇ ਉਨ੍ਹਾਂ ਦਾ ਮਕਸਦ ਸਿਰਫ ਤੋਹਫੇ ਵੰਡਣਾ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਵੀ ਹੈ ਕਿ ਉਹ ਜ਼ਿੰਦਗੀ ਵਿਚ ਇਕੱਲੇ ਨਹੀਂ ਹਨ, ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਆਪਣੀਆਂ ਖੁਸ਼ੀਆਂ ਵਿਚ ਉਨ੍ਹਾਂ ਨੂੰ ਸ਼ਾਮਲ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਹਾਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਇਨ੍ਹਾਂ ਯਤਨਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨਾਲ ਖੁਸ਼ੀਆਂ ਫੈਲਾਉਣ ਦਾ ਸੁਨੇਹਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਮਨੋਰਥ ਸਭ ਨੂੰ ਵਾਤਾਵਰਨ ਦਾ ਧਿਆਨ ਰੱਖਦੇ ਹੋਏ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕਰਨਾ ਵੀ ਹੈ। ਸਕੂਲ ’ਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਦੀਵਾਲੀ ਨਾਲ ਸੰਬੰਧਤ ਗਤੀਵਿਧੀਆਂ ’ਚ ਹਿੱਸਾ ਲਿਆ। ਸਕੂਲ ’ਚ ਸਵੇਰ ਦੀ ਪ੍ਰਾਥਨਾ ਸਭਾ ਦੀਵਾਲੀ ਦੇ ਨਾਲ ਸੰਬੰਧਤ ਸੀ। ਜਮਾਤ ਤੀਜੀ, ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਨੇ ਸੋਲੋ ਡਾਂਸ ਪ੍ਰਤੀਯੋਗਿਤਾ ’ਚ ਭਾਗ ਲਿਆ। ਵੱਖ–ਵੱਖ ਜਮਾਤਾਂ ਦੇ ਬੱਚਿਆਂ ਨੇ ਦਿਵਾਲੀ ਦੇ ਤਿਉਹਾਰ ਨਾਲ ਸਬੰਧਤ ਹੋਰ ਗਤੀਵਿਧੀਆਂ ਜਿਵੇਂ ਦੀਵਾ ਸਜਾਉਣਾ, ਮੋਮਬੱਤੀਆਂ ਸਜਾਉਣਾ, ਰੰਗੋਲੀ ਤੇ ਪੋਸਟਰ ਮੇਕਿੰਗ ਆਦਿ ’ਚ ਭਾਗ ਲਿਆ। ਸਕੂਲ ਦੀ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ, ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਕੂਲ ’ਚ ਕੰਮ ਕਰਦੇ ਕਰਮਚਾਰੀਆਂ ਨੂੰ ਇਸ ਦੀਵਾਲੀ ਦੇ ਮੌਕੇ ਤੇ ਮਠਿਆਈ ਵੰਡੀ ਗਈ ਅਤੇ ਸਭ ਵੱਲੋਂ ਸਕੂਲ ਦੀ ਤਰੱਕੀ ’ਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।