ਹੈਂਡਬਾਲ ਅੰਡਰ-14 ਲੜਕੀਆਂ ’ਚ ਬਠਿੰਡਾ ਰਿਹਾ ਅੱਵਲ
ਹੈਂਡਬਾਲ ਅੰਡਰ -14 ਲੜਕੀਆਂ ਵਿਚ ਬਠਿੰਡਾ ਰਿਹਾ ਅੱਵਲ
Publish Date: Sun, 05 Oct 2025 07:45 PM (IST)
Updated Date: Mon, 06 Oct 2025 04:10 AM (IST)
-ਅੰਡਰ-14 ਲੜਕੀਆਂ ਦੀਆਂ ਜ਼ਿਲ੍ਹਾ ਸਕੂਲ ਖੇਡਾਂ ਐਤਵਾਰ ਨੂੰ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਚਮਕੌਰ ਸਿੰਘ ਦੀ ਅਗਵਾਈ ਵਿਚ ਚੱਲ ਰਹੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ-14 ਲੜਕੀਆਂ ਅੱਜ ਸ਼ਾਨੋ ਸ਼ੌਕਤ ਨਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਪਤ ਹੋ ਗਈਆਂ। ਬੱਚਿਆ ਨੂੰ ਇਨਾਮ ਦੀ ਵੰਡ ਕਰਨ ਲਈ ਅੱਜ ਮੁੱਖ ਮਹਿਮਾਨ ਵਜੋਂ ਵਿਧਾਇਕ ਜਗਰੂਪ ਸਿੰਘ ਗਿੱਲ ਬਠਿੰਡਾ ਸ਼ਹਿਰੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਉਚੇਚੇ ਤੌਰ ’ਤੇ ਸੁਖਦੀਪ ਸਿੰਘ ਢਿੱਲੋਂ ਐਮਸੀ ਅਤੇ ਜਗਦੀਸ ਸਿੰਘ ਬੜੈਚ ਪਹੁੰਚੇ। ਜਸਵੀਰ ਸਿੰਘ ਗਿੱਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਮੁੱਖ ਮਹਿਮਾਨ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ।
ਮੁੱਖ ਮਾਹਿਮਾਨ ਨੇ ਬੱਚਿਆਂ ਨੂੰ ਕਿਹਾ ਖੇਡਾਂ ਦੀ ਮਹੱਤਤਾ ਖੇਡਾਂ ਸਿਰਫ ਜਿੱਤ ਜਾਂ ਹਾਰ ਦਾ ਮਾਮਲਾ ਨਹੀਂ ਹੁੰਦੀਆਂ, ਇਹ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਖੇਡਾਂ ਰਾਹੀਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਹਿਯੋਗ, ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਦੇ ਗੁਣ ਵਿਕਸਤ ਹੁੰਦੇ ਹਨ। ਅੱਜ ਦਿਨ ਦੀ ਸ਼ੁਰੂਆਤ ਪਹਿਲੇ ਸੈਮੀ ਫਾਈਨਲ ਬਠਿੰਡਾ ਅਤੇ ਪਟਿਆਲਾ ਦੇ ਮੁਕਾਬਲੇ ਨਾਲ ਹੋਈ, ਜਿਸ ਵਿਚ ਬਠਿੰਡਾ ਨੇ ਪਟਿਆਲਾ ਨੂੰ 14-6 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਦੂਜੇ ਸੈਮੀ ਫਾਈਨਾਲ਼ ਵਿਚ ਰੋਪੜ ਨੇ ਲੁਧਿਆਣਾ ਨੂੰ 10-8 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਅੰਤ ਵਿਚ ਫਾਈਨਲ ਮੈਚ ਬਹੁਤ ਹੀ ਰੋਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਵਿਚ ਬਠਿੰਡਾ ਨੇ ਰੋਪੜ ਨੂੰ 12-09 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਤੀਜੇ ਸਥਾਨ ਲਈ ਲੁਧਿਆਣਾ ਅਤੇ ਪਟਿਆਲਾ ਵਿਚ ਹੋਏ ਮੈਚ ਦੌਰਾਨ ਪਟਿਆਲਾ ਨੇ ਲੁਧਿਆਣਾ ਨੂੰ 09-06 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸੁਨੀਲ ਕੁਮਾਰ ਆਬਜ਼ਰਵਰ, ਸੁਖਜਿੰਦਰਪਲ ਸਿੰਘ ਗੋਗੀ, ਜਗਤਾਰ ਸਿੰਘ ਪ੍ਰਿੰਸੀਪਲ, ਕੁਲਵੀਰ ਸਿੰਘ ਲੈਕ ਫਿਜੀ, ਗੁਰਿੰਦਰ ਲੱਬੀ, ਰੇਸ਼ਮ ਸਿੰਘ ਡੀਪੀਈ, ਹਰਬਿੰਦਰ ਸਿੰਘ ਨੀਟਾ, ਜਸਵਿੰਦਰ ਸਿੰਘ ਜੱਸਾ, ਗੁਰਦੀਪ ਸਿੰਘ ਪੀਟੀਆਈ, ਬਲਤੇਜ ਸਿੰਘ ਪੀਟੀਆਈ, ਗੁਰਜੰਟ ਸਿੰਘ, ਨਿਰਮਲ ਸਿੰਘ, ਰਹਿੰਦਰ ਸਿੰਘ, ਪ੍ਰਗਟ ਸਿੰਘ, ਪਵਿੱਤਰ ਸਿੰਘ ਅਤੇ ਹਰਭਗਵਾਨ ਦਾਸ ਪੀਟੀਆਈ ਹਾਜ਼ਰ ਸਨ।