ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੇਂਡੂ ਕਲੱਬਾਂ ਦਾ ਉਪਰਾਲਾ ਸ਼ਲਾਘਾਯੋਗ : ਗੁਰਬਾਜ਼ ਸਿੱਧੂ
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੇਂਡੂ ਕਲੱਬਾਂ ਦੇ
Publish Date: Sun, 05 Oct 2025 07:40 PM (IST)
Updated Date: Mon, 06 Oct 2025 04:10 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੇਂਡੂ ਯੂਥ ਅਤੇ ਖੇਡ ਕਲੱਬਾਂ ਵੱਲੋਂ ਸਮੇਂ ਸਮੇਂ ’ਤੇ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਜਿਸ ਕਾਰਨ ਜਿੱਥੇ ਵੱਡੀ ਗਿਣਤੀ ਬੱਚੇ/ਨੌਜਵਾਨ ਮਾਂ ਖੇਡ ਕਬੱਡੀ ਨਾਲ ਜੁੜ ਰਹੇ ਹਨ, ਉੱਥੇ ਹੋਰਨਾਂ ਖੇਡਾਂ ’ਚ ਰੁਚੀ ਦਿਖਾਉਣ ਦੇ ਚਲਦਿਆਂ ਉਨ੍ਹਾਂ ਦੀ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰੀ ਬਣੀ ਰਹਿੰਦੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਪਿੰਡ ਲੇਲੇਵਾਲਾ ਵਿਖੇ ਕਬੱਡੀ ਟੂਰਨਾਂਮੈਂਟ ’ਚ ਸੰਬੋਧਨ ਦੌਰਾਨ ਕੀਤਾ।
ਪਿੰਡ ਲੇਲੇਵਾਲਾ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਨਗਰ ਨਿਵਾਸੀਆਂ ਦੀ ਸਹਾਇਤਾ ਨਾਲ ਕਰਵਾਏ 27ਵੇਂ ਕਬੱਡੀ ਟੂਰਨਾਂਮੈਂਟ ਦੇ ਅੱਜ ਆਖਿਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਜਿੱਥੇ ਕਬੱਡੀ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨ੍ਹਾਂ ਨਾਲ ਸਮੂਹਿਕ ਤਸਵੀਰ ਕਰਵਾਈ, ਉੱਥੇ ਉਨ੍ਹਾਂ ਨੇ ਕਲੱਬ ਪ੍ਰਬੰਧਕਾਂ ਵੱਲੋਂ ਮਾਂ ਖੇਡ ਕਬੱਡੀ ਦੇ ਪ੍ਰੋਤਸਾਹਨ ਵਾਸਤੇ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਨਾਮ ਵੰਡ ਸਮਾਗਮ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਪਿੰਡ ਪਿੰਡ ਅਜਿਹੀਆਂ ਖੇਡਾਂ ਕਰਵਾਈਆਂ ਜਾਣ ਤਾਂ ਕਿ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਖੇਡ ਨੀਤੀ ਤਹਿਤ ਪੇਂਡੂ ਕਲੱਬਾਂ ਨੂੰ ਅਜਿਹੇ ਖੇਡ ਕਰਵਾਉਣ ਲਈ ਉਤਸ਼ਾਹਿਤ ਕਰੇ।
ਇਸ ਮੌਕੇ ਜਿੱਥੇ ਸਿੱਧੂ ਨੇ ਕਲੱਬ ਨੂੰ ਮਾਇਕ ਸਹਾਇਤਾ ਭੇਟ ਕੀਤੀ, ਉੱਥੇ ਕਲੱਬ ਦੇ ਪ੍ਰਧਾਨ ਨੈਬ ਸਿੰਘ ਭੁੱਲਰ ਦੀ ਅਗਵਾਈ ਹੇਠ ਕਲੱਬ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬਲਦੇਵ ਸਿੰਘ ਲੇਲੇਵਾਲਾ, ਬਲਵੰਤ ਸਿੰਘ ਲੇਲੇਵਾਲਾ ਸਾਬਕਾ ਪ੍ਰਧਾਨ ਕੋ.ਸੁਸਾਇਟੀ,ਮੇਜਰ ਸਿੰਘ ਸਾਬਕਾ ਸਰਪੰਚ,ਜਸਵਿੰਦਰ ਸਿੰਘ ਰਾਜੂ, ਰਾਜਾ ਸਿੰਘ ਮੈਂਬਰ, ਸਤਨਾਮ ਸਿੰਘ ਲੇਲੇਵਾਲਾ,ਲਾਭ ਸਿੰਘ,ਡਾ.ਸੁਖਚਰਨ ਸਿੰਘ ਆਦਿ ਮੌਜੂਦ ਦਿਖਾਈ ਦਿੱਤੇ।