ਆਦਰਸ਼ ਸਕੂਲ ਸਬੰਧੀ ਅਧਿਆਪਕਾਂ ਦਾ ਵਫ਼ਦ ਵਿਧਾਇਕ ਮਈਸਰਖਾਨਾ ਨੂੰ ਮਿਲਿਆ
ਮਾਮਲਾ ਆਦਰਸ਼ ਸਕੂਲ ਚਾਉਕੇ ਦਾ
Publish Date: Sun, 05 Oct 2025 07:38 PM (IST)
Updated Date: Mon, 06 Oct 2025 04:10 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਆਦਰਸ਼ ਸਕੂਲ ਚਾਉਕੇ ਵਿਖੇ ਕੰਮ ਕਰਦੇ ਅਧਿਆਪਕਾਂ ਦਾ ਮਾਮਲਾ ਮੁੜ ਭਖਦਾ ਨਜ਼ਰ ਆ ਰਿਹਾ ਹੈ। ਆਪਣੀਆਂ ਮੰਗਾਂ ਨੂੰ ਸਬੰਧੀ ਬੀਤੇ ਦਿਨ ਸਕੂਲ ਦੇ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਕੂਲ ਦੀ ਤੀਜੀ ਇਮਾਰਤ ’ਤੇ ਚੜ੍ਹੇ ਹੋਏ ਹਨ। ਇਸ ਸਬੰਧੀ ਜਸਵੀਰ ਸਿੰਘ ਗਲੋਟੀ ਸੂਬਾ ਪ੍ਰਧਾਨ ਆਦਰਸ਼ ਸਕੂਲ ਟੀਚਿੰਗ ਤੇ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਧਿਆਪਕਾਂ ਦਾ ਇਕ ਵਫ਼ਦ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਮਿਲਿਆ ਤੇ ਸਕੂਲ ਦੇ ਬਾਕੀ ਰਹਿੰਦੇ ਦੋ ਅਧਿਆਪਕਾਂ ਨੂੰ ਸਕੂਲ 'ਚ ਹਾਜ਼ਰ ਕਰਵਾਉਣ ਦੀ ਮੰਗ ਕਰਦੇ ਹੋਏ ਬਾਕੀ ਮੁਲਾਜ਼ਮਾਂ ਦੀ ਪੁਰਾਣੀ ਹਾਜ਼ਰੀ ਮੁੜ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਸਲੇ ਦਾ ਤੁਰੰਤ ਹੱਲ ਕਰੇ, ਤਾਂ ਜੋ ਬੱਚਿਆਂ ਦੀ ਪੜ੍ਹਾਈ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਸਕਣ।
ਉਨ੍ਹਾਂ ਕਿਹਾ ਕਿ 70 ਦੇ ਕਰੀਬ ਅਧਿਆਪਕਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਬਾਅਦ ਬਰਖਾਸਤੀ ਦੇ ਵਿਰੋਧ 'ਚ ਸਮੁੱਚੇ ਅਧਿਆਪਕਾਂ ਤੇ ਕਿਸਾਨ ਯੂਨੀਅਨਾਂ ਵੱਲੋਂ ਸਾਂਝਾ ਸੰਘਰਸ਼ ਲੜਿਆ ਗਿਆ। ਜਿਸ ਕਾਰਨ 2 ਅਧਿਆਪਕਾਂ ਨੂੰ ਛੱਡ ਕੇ ਸਾਰੇ ਅਧਿਆਪਕਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ ਪ੍ਰੰਤੂ ਹੁਣ ਦੋ ਅਧਿਆਪਕਾਂ ਦੀ ਬਹਾਲੀ ਲਈ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਬਾਕੀ ਰਹਿੰਦੇ ਦੋ ਅਧਿਆਪਕਾਂ ਨੂੰ ਵੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਅੱਜ ਇਸ ਮਾਮਲੇ ਸਬੰਧੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਮਿਲੇ ਹਨ, ਜਿਨ੍ਹਾਂ ਵੱਲੋਂ ਸਾਨੂੰ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਮਸਲੇ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਵਿਧਾਇਕ ਮਾਈਸਰਖਾਨਾ ਨੇ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਧਰਨਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕਰਕੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।