ਨਾਜਾਇਜ਼ ਕਾਲੋਨੀ ਕੱਟਣ ’ਤੇ ਪੁੱਡਾ ਵੱਲੋ ਰੋਕ ਲਾਉਣ ਮਗਰੋਂ ਮਾਲ ਵਿਭਾਗ ਨੇ ਵੀ ਕਸਿਆ ਸ਼ਿਕੰਜਾ
ਨਾਜਾਇਜ਼ ਕਲੋਨੀ ਕੱਟਣ ’ਤੇ ਪੁੱਡਾ ਵੱਲੋ ਰੋਕ ਲਗਾਉਣ ਮਗਰੋਂ ਮਾਲ ਵਿਭਾਗ ਨੇ ਵੀ ਕਸਿਆ ਸਿਕੰਜਾ
Publish Date: Thu, 18 Sep 2025 05:09 PM (IST)
Updated Date: Thu, 18 Sep 2025 05:11 PM (IST)

ਨਾਜਾਇਜ਼ ਕਾਲੋਨੀ ਕੱਟਣ ਵਾਲਿਆਂ ’ਤੇ ਪਰਚਾ ਦਰਜ ਕਰਨ ਦੀ ਮੰਗ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਬਾਲਿਆਂਵਾਲੀ ਵਿਖੇ ਭੱਠੇ ਵਾਲੀ ਜਮੀਨ ’ਤੇ ਨਾਜਾਇਜ਼ ਕਾਲੋਨੀ ਬਣਾਉਣ ਲਈ ਪੱਬਾਂ ਭਾਰ ਹੋਏ ਭੌ ਮਾਫ਼ੀਆਂ ਗਿਰੋਹ ’ਤੇ ਜਿਲ੍ਹਾ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਦਿਆਂ ਪੁੱਡਾ (ਬੀਡੀਏ) ਬਠਿੰਡਾ ਵੱਲੋਂ ਨਾਜਾਇਜ਼ ਕਾਲੋਨੀ ਰੋਕ ਲਗਾਉਣ ਬਾਅਦ ਹੁਣ ਮਾਲ ਵਿਭਾਗ ਨੇ ਹੋਰ ਨਟ ਕੱਸਦਿਆਂ ਜਮ੍ਹਾਬੰਦੀ ਵਿਚ ਰਪਟ ਦਰਜ ਕਰਕੇ ਲੋਕਾਂ ਨੂੰ ਲੁੱਟਣ ਤੋਂ ਬਚਾਅ ਲਿਆ ਹੈ ਕਿਉਂਕਿ ਭੋਲੇ-ਭਾਲੇ ਲੋਕ ਬਿਆਨੇ ਕਰਕੇ ਇਨ੍ਹਾਂ ਦੇ ਜਾਲ ’ਚ ਫਸ ਸਕਦੇ ਸਨ। ਸੋਸ਼ਲ ਵਰਕਰ ਤੇ ਆਰਟੀਆਈ ਐਕਟੀਵਿਟਸ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਬਾਲਿਆਂਵਾਲੀ ਵਿਖੇ ਭੱਠੇ ਵਾਲੇ ਰਕਬੇ ਦੀਆਂ 29 ਕਨਾਲਾਂ ਵਾਲੇ ਖਸਰਾ ਨੰਬਰ ਦੀ ਜਮੀਨ ’ਤੇ ਨਾਜਾਇਜ਼ ਕਲੋਨੀ ਬਣਾਉਣ ਲਈ ਭੌ ਮਾਫ਼ੀਆ ਗਿਰੋਹ ਵੱਲੋਂ ਮਰਲਿਆਂ ’ਚ ਪਲਾਟ ਕੱਟਕੇ ਵੇਚਣੇ ਸ਼ੁਰੂ ਕਰ ਦਿੱਤੇ ਸਨ, ਜਦਕਿ ਪੰਜਾਬ ’ਚ ਪੁੱਡਾ ਤੋਂ ਜਮੀਨ ਦਾ (ਸੀਐਲਯੂ) ਕਰਵਾਏ ਬਗੈਰ ਨਹਿਰੀ ਜ਼ਮੀਨ ’ਚੋਂ ਪਲਾਂਟ ਕੱਟਕੇ ਵੇਚਣੇ ਸੰਗੀਨ ਅਪਰਾਧ ਹੈ। ਇਸ ਰਕਬੇ ਦੇ ਮਾਲਕਾਂ ਨੇ ਰਲ-ਮਿਲਕੇ ਦੋ ਕਨਾਲਾਂ ਤੋਂ ਵੱਧ ਰਕਬਾ ਵੇਚਿਆ ਹੈ। ਉਹ ਰਕਬਾ ਗ਼ੈਰ ਮੁਮਕਿਨ ਸੀ ਪਰ ਰਜਿਸਟਰੀ ਫ਼ੀਸ ਨਹਿਰੀ ਫ਼ੀਸ ਭਰਕੇ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ’ਚ ਪਲਾਂਟ ਕੱਟਣ ਲਈ ਭੱਠੇ ਵਾਲੇ ਰਕਬੇ ’ਤੇ ਲੱਗਿਆ ਤਿੰਨ ਫੇਸ ਦਾ ਟਿਊਬਲ ਕੁਨੈਕਸ਼ਨ ਵੇਚ ਕੇ ਖਾਲੀ ਮੈਦਾਨ ਬਣਾਇਆ ਤਾਂ ਕਿ ਗਲੀਆਂ ਛੱਡ ਕੇ ਪਲਾਂਟ ਵੇਚੇ ਜਾਣ ਪ੍ਰੰਤੂ ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਤੇ ਸਥਾਨਕ ਸਰਕਾਰਾਂ ਮੰਤਰੀ ਤੇ ਪੁੱਡਾ ਵਿਭਾਗ ਸਮੇਤ ਹੋਰਾਂ ਨੂੰ ਕੀਤੀਆਂ ਸਨ। ਕੁਲਦੀਪ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ, ਬੀਡੀਏ ਦਫ਼ਤਰ ਤੇ ਮਾਲ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਬਗੈਰ ਰਾਜਨੀਤਕ ਦਬਾਅ ਮੰਨ੍ਹੇ ਅਤੇ ਜ਼ਮੀਨੀ ਪੱਧਰ ’ਤੇ ਜਾ ਕੇ ਪੜਤਾਲ ਕਰਵਾਕੇ ਭੌ ਮਾਫੀਆ ਗਿਰੋਹ ਨੂੰ ਨਕੇਲ ਪਾਈ ਹੈ।