ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਹਸਾਨੁੱਦਿਨ ਯੂਨੀਵਰਸਿਟੀ, ਇੰਡੋਨੇਸ਼ੀਆ ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ
ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਹਸਾਨੁੱਦਿਨ ਯੂਨੀਵਰਸਿਟੀ, ਇੰਡੋਨੇਸ਼ੀਆ ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ
Publish Date: Fri, 05 Sep 2025 04:44 PM (IST)
Updated Date: Fri, 05 Sep 2025 04:46 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅੰਤਰ ਰਾਸ਼ਟਰੀ ਅਕਾਦਮਿਕ ਸਹਿਯੋਗ, ਵਿਸ਼ਵ ਪੱਧਰੀ ਖੋਜਾਂ, ਨਵੀਨਤਾ ਅਤੇ ਗਿਆਨ ਦੇ ਖੇਤਰਾਂ ਨੂੰ ਆਪਸ ਵਿਚ ਜੋੜਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ ਰਜਿਸਟਰਾਰ, ਜੀਕੇਯੂ, ਪ੍ਰੋ. (ਡਾ.) ਇੰਜੀ. ਜਮਾਲੁਦੀਨ ਜੋਮਪਾ ਰੈਕਟਰ, ਡਾ. ਅੰਸਦੀਆਦੀ ਡਾਇਰੈਕਟਰ, ਹਸਾਨੁੱਦਿਨ ਯੂਨੀਵਰਸਿਟੀ, ਇੰਡੋਨੇਸ਼ੀਆ ਵੱਲੋਂ ਦੁਵੱਲਾ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ। ਇਸ ਮੌਕੇ ਅਕਾਦਮਿਕ ਕੌਂਸਲਾਂ ਦੇ ਮੈਂਬਰ, ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਦੋਵੇਂ ਦੇਸ਼ਾਂ ਦੇ ਸਿੱਖਿਆ ਮਾਹਿਰ ਵਿਸ਼ੇਸ਼ ਤੌਰ ’ਤੇ ਆਨਲਾਈਨ ਹਾਜ਼ਰ ਸਨ। ਸਮਝੌਤੇ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਡਾ. ਸਿੰਘ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਨਵੀਆਂ ਖੋਜਾਂ ਅਤੇ ਨਵੀਂ ਤਕਨੀਕ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਮੌਕੇ ਮਿਲਣਗੇ। ਜਿਸ ਨਾਲ ਉਹ ਆਪਣੇ ਨਵੇਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਣਾ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਮਝੌਤੇ ਨਾਲ ਦੋਹੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ, ਖੋਜਾਰਥੀ ਅਤੇ ਫੈਕਲਟੀ ਮੈਂਬਰ ਇੱਕ ਦੂਜੇ ਦੀਆਂ ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਵਰਕਸ਼ਾਪਾਂ ਦਾ ਇਸਤੇਮਾਲ ਸਾਂਝੇ ਤੌਰ ਤੇ ਕਰਕੇ ਆਪਣੇ ਗਿਆਨ ਅਤੇ ਹੁਨਰ ਦਾ ਵਿਸਥਾਰ ਕਰ ਸਕਣਗੇ। ਸਮਝੌਤੇ ਦੇ ਫਾਇਦਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੋਹੇਂ ਗਿਆਨ ਦੇ ਕੇਂਦਰ ਬੌਧਿਕਤਾ ਦੇ ਆਦਾਨ-ਪ੍ਰਦਾਨ ਤੇ ਨਵੀਨ ਵਿਚਾਰਾਂ ਦੇ ਪਾਸਾਰ ਲਈ ਆਪਸ ਵਿੱਚ ਜੁੜਨਗੇ ਤੇ ਨਤੀਜੇ ਪੱਖੋਂ ਉਨ੍ਹਾਂ ਵੱਲੋਂ ਕੀਤੀਆਂ ਖੋਜਾਂ ਲੋਕਾਈ ਦੇ ਭਲੇ ਲਈ ਸਹਾਈ ਹੋਣਗੀਆਂ। ਰੈਕਟਰ ਡਾ. ਜੋਮਪਾ ਨੇ ਇਸ ਸਮਝੌਤੇ ਨੂੰ ਉੱਚੇਰੀ ਸਿੱਖਿਆ ਦੇ ਖੇਤਰ ਵਿਚ ਖੂਬਸੂਰਤ ਕਦਮ ਦੱਸਦੇ ਹੋਏ ਕਿਹਾ ਕਿ ਦੋਹੇਂ ਯੂਨੀਵਰਸਿਟੀਆਂ ਸਾਂਝੇ ਤੌਰ ਤੇ ਡਿਉਲ ਡਿਗਰੀ ਪ੍ਰੋਗਰਾਮ ਸ਼ੁਰੂ ਕਰਨ ਦੇ ਰਸਤੇ ਤਲਾਸ਼ਣਗੀਆਂ, ਜਿਸ ਨਾਲ ਦੋਹੋਂ ਦੇਸ਼ਾਂ ਦੇ ਵਿਦਿਆਰਥੀ ਦੋਹੇਂ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਡਿਉਲ ਡਿਗਰੀ ਹਾਸਿਲ ਕਰ ਸਕਣਗੇ। ਰਜਿਸਟਰਾਰ ਡਾ. ਵਰਮਾ ਅਨੁਸਾਰ ਹੁਣ ਦੋਹੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਖੋਜਾਰਥੀ ਸਾਂਝੇ ਤੌਰ ’ਤੇ ਪ੍ਰਜੈਕਟਾਂ ’ਤੇ ਕੰਮ ਕਰ ਸਕਣਗੇ।