ਅਕਾਲੀ ਦਲ ਹੜ੍ਹ ਪੀੜ੍ਤਾਂ ਦੇ ਦੁੱਖ ’ਚ ਹੋ ਰਿਹਾ ਸਹਾਈ: ਗੋਲਡੀ
ਅਕਾਲੀ ਦਲ ਹੜ੍ਹ ਪੀੜ੍ਹਤਾਂ ਦੀ ਲਗਾਤਾਰ ਮਦਦ ਕਰਕੇ
Publish Date: Wed, 03 Sep 2025 05:45 PM (IST)
Updated Date: Wed, 03 Sep 2025 05:46 PM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਸੂਬੇ ’ਚ ਆਏ ਹੜ੍ਹ ਕਾਰਨ ਪ੍ਰਭਾਵਿਤ ਲੋਕਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਰਕਰ ਲਗਾਤਾਰ ਮਦਦ ਕਰਕੇ ਉਨ੍ਹਾਂ ਦੇ ਦੁੱਖਾਂ ’ਚ ਸਹਾਈ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਹੜ੍ਹਾਂ ਦੇ ਪਾਣੀ ’ਚ ਡੁੱਬ ਰਿਹਾ ਪਰ ਅਜੇ ਤਕ ਪੰਜਾਬ ਸਰਕਾਰ ਨੇ ਪੀੜ੍ਹਤ ਲੋਕਾਂ ਦੀ ਮਦਦ ਲਈ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ। ਇਸ ਔਖੀ ਘੜੀ ’ਚ ਸੂਬੇ ਦੀ ਇਕੋ ਇਕ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੇ ਫੜ੍ਹੀ ਹੈ, ਜਿਸ ਤੋਂ ਸਾਫ਼ ਹੋ ਗਿਆ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਸਿਰਫ਼ ਵੋਟ ਬੈਂਕ ਸਮਝਦੀਆਂ ਹਨ ਪਰ ਔਖੇ ਵੇਲੇ ਉਨ੍ਹਾਂ ਦੇ ਨਾਲ ਨਹੀਂ ਖੜਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੇ ਰਾਹਾਂ ’ਤੇ ਲਿਆਉਣ ਲਈ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਅਤੇ ਸੂਬੇ ’ਚ ਅਗਲੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਕਰਨ ਦੀ ਬਜਾਏ ਸਿਰਫ਼ ਦਿਖਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਵੱਲੋਂ ਜਲੰਧਰ ਦੇ ਪਠਾਨਕੋਟ ਚੌਂਕ ’ਚ ਇਕ ਦਫ਼ਤਰ ਖੋਲ੍ਹ ਕੇ ਇਕ ਹੈਲਪ ਲਾਇਨ ਨੰਬਰ ਜਾਰੀ ਕੀਤਾ ਗਿਆ ਹੈ ਜਿਸ ’ਤੇ ਫੋਨ ਕਰਕੇ ਕੋਈ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਮਦਦ ਲੈ ਸਕਦਾ ਹੈ।