ਹਸਪਤਾਲ ਦੇ ਸਟਾਫ ਨਾਲ ਦੁਰਵਿਵਹਾਰ ਕਰਨ 'ਤੇ ਮਾਮਲਾ ਦਰਜ
ਹਸਪਤਾਲ ਦੇ ਸਟਾਫ ਨਾਲ ਦੁਰਵਿਵਹਾਰ ਕਰਨ 'ਤੇ ਮਾਮਲਾ ਦਰਜ
Publish Date: Wed, 03 Sep 2025 05:33 PM (IST)
Updated Date: Wed, 03 Sep 2025 05:34 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਰਾਮਪੁਰਾ ਦੇ ਸਿਵਲ ਹਸਪਤਾਲ ਦੇ ਸਟਾਫ਼ ਦੇ ਨਾਲ ਨਾਲ ਡਿਊਟੀ ਤੇ ਤਾਇਨਾਤ ਮੈਡੀਕਲ ਅਫ਼ਸਰ ਨਾਲ ਦੁਰਵਿਵਹਾਰ ਕਰਨ ਤੇ ਤਿੰਨ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸਿਵਲ ਹਸਪਤਾਲ ਰਾਮਪੁਰਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਨਿੰਦਰ ਰੀਤ ਦੀ ਸ਼ਿਕਾਇਤ ਤੇ ਕੀਤੀ ਹੈ। ਸੋਮਵਾਰ ਰਾਤ ਨੂੰ ਮਰੀਜ਼ ਨੂੰ ਰੈਫਰ ਕਰਨ ਨੂੰ ਲੈ ਕੇ ਮਰੀਜ਼ ਦੇ ਸਾਥੀਆਂ ਅਤੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਟਾਫ਼ ਵਿਚਕਾਰ ਸ਼ੁਰੂ ਹੋਈ ਬਹਿਸ ਹੱਥੋਪਾਈ ’ਚ ਬਦਲ ਗਈ। ਹਸਪਤਾਲ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਮੰਗਲਵਾਰ ਨੂੰ ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੇ ਓਪੀਡੀ ਬੰਦ ਕਰ ਦਿੱਤੀ ਅਤੇ ਹਸਪਤਾਲ ਕੈਂਪਸ ’ਚ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਡਾਕਟਰਾਂ ਅਤੇ ਸਟਾਫ਼ ਨੇ ਧੱਕਾ ਮੁੱਕੀ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨ ਅਤੇ ਡਿਊਟੀ ਦੌਰਾਨ ਸਟਾਫ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ। ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਨਵਦੀਪ ਸਿੰਘ, ਸਟਾਫ ਨਰਸ ਰਜਨੀਕਾਂਤ ਅਤੇ ਧਰਨਾ ਦੇ ਰਹੇ ਹੋਰ ਸਟਾਫ ਮੈਂਬਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਲਗਭਗ 9 ਵਜੇ ਹਾਦਸੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੂੰ ਉਸਦੇ ਰਿਸ਼ਤੇਦਾਰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕੀਤਾ ਗਿਆ ਸੀ ਕਿਉਂਕਿ ਉਸ ਦੀ ਅੱਖ ’ਚ ਸੱਟ ਲੱਗੀ ਸੀ ਅਤੇ ਹਸਪਤਾਲ ਵਿਚ ਕੋਈ ਅੱਖਾਂ ਦਾ ਮਾਹਰ ਨਹੀਂ ਸੀ। ਉਨ੍ਹਾਂ ਕਿਹਾ ਕਿ ਰੈਫਰ ਕਰਨ ਤੋਂ ਕੁਝ ਮਿੰਟਾਂ ਬਾਅਦ ਮਰੀਜ਼ ਦੇ ਕੁਝ ਦੋਸਤ ਹਸਪਤਾਲ ਆਏ ਅਤੇ ਡਿਊਟੀ ਤੇ ਮੌਜੂਦ ਸਟਾਫ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਟਾਫ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਸਟਾਫ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਡਿਊਟੀ ਦੌਰਾਨ ਹਸਪਤਾਲ ਸਟਾਫ ਲਈ ਸੁਰੱਖਿਆ ਦੀ ਮੰਗ ਕੀਤੀ। ਹਸਪਤਾਲ ਦੇ ਐਸਐਮਓ ਡਾ. ਗੁਨਿੰਦਰ ਰੀਤ ਕੌਰ ਨੇ ਕਿਹਾ ਕਿ ਹਸਪਤਾਲ ਦੇ ਸਟਾਫ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਇਕ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਹਸਪਤਾਲ ਦੇ ਸਟਾਫ ਨੂੰ ਆਪਣੀ ਡਿਊਟੀ ਨਿਭਾਉਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਦੂਜੇ ਪਾਸੇ, ਮਰੀਜ਼ ਦੇ ਸਾਥੀ ਨੇ ਦੁਰਵਿਵਹਾਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸਦੇ ਦੋਸਤ ਨੂੰ ਅੱਖ ਵਿਚ ਮਾਮੂਲੀ ਸੱਟ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਪਰ ਹਸਪਤਾਲ ਦੇ ਸਟਾਫ ਨੇ ਉਸਨੂੰ ਜਲਦਬਾਜ਼ੀ ਵਿਚ ਰੈਫਰ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਐਸਐਚਓ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।