ਨਸ਼ਾ ਤਸਕਰੀ ਦੇ ਦੋਸ਼ ਹੇਠ 8 ਵਿਅਕਤੀ ਗ੍ਰਿਫ਼ਤਾਰ, ਨਸ਼ੇ ਦਾ ਸੇਵਨ ਕਰਦਿਆਂ 4 ਜਣੇ ਕਾਬੂ
ਨਸ਼ਾ ਤਸਕਰੀ ਦੇ ਦੋਸ਼ ਹੇਠ 8 ਵਿਅਕਤੀ ਗ੍ਰਿਫ਼ਤਾਰ, ਨਸ਼ੇ ਦਾ ਸੇਵਨ ਕਰਦਿਆਂ 4 ਜਣੇ ਕਾਬੂ
Publish Date: Wed, 03 Sep 2025 05:24 PM (IST)
Updated Date: Wed, 03 Sep 2025 05:25 PM (IST)

11.45 ਗ੍ਰਾਮ ਹੈਰੋਇਨ, 160 ਨਸ਼ੀਲੀਆਂ ਗੋਲੀਆਂ ਬਰਾਮਦ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਨਸ਼ੇ ਦਾ ਸੇਵਨ ਕਰਦਿਆਂ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਪਰਸਰਾਮ ਨਗਰ ਨੇੜੇ ਇਕ ਸ਼ੱਕੀ ਔਰਤ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਉਕਤ ਔਰਤ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਇਸੇ ਥਾਣੇ ਦੀ ਪੁਲਿਸ ਨੇ ਨਰੂਆਣਾ ਰੋਡ ’ਤੇ ਛਾਪੇਮਾਰੀ ਕਰਦਿਆਂ ਰਾਹੁਲ ਕੁਮਾਰ ਵਾਸੀ ਅਮਰਪੁਰਾ ਬਸਤੀ ਨੂੰ 7.30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਬੱਲੂਆਣਾ ਨੇੜੇ ਕੁਲਦੀਪ ਸਿੰਘ ਵਾਸੀ ਬੀੜ ਤਲਾਬ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਨੇ ਸਥਾਨਕ ਸ਼ਹਿਰ ਵਿਚ ਛਾਪੇਮਾਰੀ ਕਰਦਿਆਂ ਨਿਰਮਲ ਸਿੰਘ ਵਾਸੀ ਪਿੰਡ ਕਲਿਆਣ ਸੱਦਾ ਅਤੇ ਚਮਕੌਰ ਸਿੰਘ ਵਾਸੀ ਕਲਿਆਣ ਸੁੱਖਾ ਨੂੰ 5.15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਦਰ ਰਾਮਪੁਰਾ ਪੁਲਿਸ ਨੇ ਪਿੰਡ ਕਰਾੜਵਾਲਾ ਵਿਚ ਗੁਰਕੀਰਤ ਸਿੰਘ ਵਾਸੀ ਕਰਾੜਵਾਲਾ ਅਤੇ ਨਿਰਮਲ ਸਿੰਘ ਵਾਸੀ ਪਿੰਡ ਰਾਮਪੁਰਾ ਨੂੰ 160 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਘੁੱਦਾ ਵਿਚ ਛਾਪੇਮਾਰੀ ਕਰਦਿਆਂ ਸੰਦੀਪ ਕੁਮਾਰ ਨੂੰ 11 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਕਤ ਮੁਲਜਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਥਾਣਾ ਕੈਂਟ ਦੀ ਪੁਲਿਸ ਨੇ ਨਸ਼ਾ ਦਾ ਸੇਵਨ ਕਰਦਿਆਂ ਅਮ੍ਰਿਤਪਾਲ ਸਿੰਘ, ਬਲਜੀਤ ਸਿੰਘ,ਲਖਵੀਰ ਸਿੰਘ ਅਤੇ ਰੁਪਿੰਦਰ ਸਿੰਘ ਵਾਸੀਆਨ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੂੰ ਕਾਬੂ ਕੀਤਾ। ਜਦੋਂ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਆਈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।