ਕੱਪੜਾ ਵਪਾਰੀ ਤੋਂ 23.44 ਲੱਖ ਠੱਗਣ ’ਤੇ ਦੋ ਖ਼ਿਲਾਫ਼ ਕੇਸ ਦਰਜ
ਕੱਪੜਾ ਵਪਾਰੀ ਨਾਲ 23.44 ਲੱਖ ਰੁਪਏ ਦੀ ਠੱਗੀ, ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Publish Date: Mon, 18 May 2026 04:21 PM (IST)
Updated Date: Tue, 19 May 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੀ ਮਾਲ ਰੋਡ ’ਤੇ ਸਥਿਤ ਕੱਪੜਾ ਮਾਰਕੀਟ ਦੇ ਇੱਕ ਵਪਾਰੀ ਨਾਲ ਦੋ ਵਿਅਕਤੀਆਂ ਵੱਲੋਂ 23 ਲੱਖ 44 ਹਜ਼ਾਰ 821 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਮਾਮਲੇ ਵਿੱਚ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕੇਵਲ ਕ੍ਰਿਸ਼ਨ ਵਾਸੀ ਪਰਸਰਾਮ ਨਗਰ, ਬਠਿੰਡਾ ਨੇ ਦੱਸਿਆ ਕਿ ਉਹ ਮਾਲ ਰੋਡ ਸਥਿਤ ਕੱਪੜਾ ਮਾਰਕੀਟ ਵਿੱਚ ਕਾਫ਼ੀ ਸਮੇਂ ਤੋਂ ਕੱਪੜੇ ਦਾ ਕਾਰੋਬਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਰਾਜੇਸ਼ ਕੁਮਾਰ ਪੁੱਤਰ ਗੋਪਾਲ ਦਾਸ ਤੇ ਪ੍ਰਦੀਪ ਕੁਮਾਰ ਪੁੱਤਰ ਗੋਪਾਲ ਦਾਸ, ਦੋਵੇਂ ਵਾਸੀ ਮੱਖੂ, ਜ਼ਿਲ੍ਹਾ ਫਿਰੋਜ਼ਪੁਰ, ਉਸ ਦੀ ਦੁਕਾਨ ’ਤੇ ਕੱਪੜਾ ਖਰੀਦਣ ਲਈ ਅਕਸਰ ਆਉਂਦੇ ਰਹਿੰਦੇ ਸਨ। ਲੰਬੇ ਸਮੇਂ ਤੋਂ ਲੈਣ-ਦੇਣ ਹੋਣ ਕਾਰਨ ਉਸ ਦਾ ਉਨ੍ਹਾਂ ਨਾਲ ਭਰੋਸੇ ਵਾਲਾ ਸੰਬੰਧ ਬਣ ਗਿਆ ਸੀ। ਪੀੜਤ ਵਪਾਰੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਰੋਬਾਰੀ ਲੈਣ-ਦੇਣ ਦੇ ਨਾਂ ’ਤੇ ਉਸ ਕੋਲੋਂ 23 ਲੱਖ 44 ਹਜ਼ਾਰ 821 ਰੁਪਏ ਦਾ ਕੱਪੜਾ ਉਧਾਰ ਵਿੱਚ ਖਰੀਦ ਲਿਆ। ਸ਼ੁਰੂ ਵਿੱਚ ਮੁਲਜ਼ਮਾਂ ਨੇ ਜਲਦੀ ਪੈਸੇ ਦੇਣ ਦਾ ਭਰੋਸਾ ਦਿੱਤਾ, ਪਰ ਬਾਅਦ ਵਿੱਚ ਉਹ ਟਾਲਮਟੋਲ ਕਰਨ ਲੱਗ ਪਏ। ਜਦੋਂ ਉਸ ਨੇ ਆਪਣੀ ਰਕਮ ਦੀ ਮੰਗ ਕੀਤੀ ਤਾਂ ਮੁਲਜ਼ਮਾਂ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ। ਪੀੜਤ ਨੇ ਦੱਸਿਆ ਕਿ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਮੁਲਜ਼ਮਾਂ ਨੇ ਨਾ ਤਾਂ ਰਕਮ ਵਾਪਸ ਕੀਤੀ ਅਤੇ ਨਾ ਹੀ ਕੋਈ ਸੰਤੋਸ਼ਜਨਕ ਜਵਾਬ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਭਾਲ ਲਈ ਛਾਪੇਮਾਰੀ ਜਾਰੀ ਹੈ।