- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਾ ਹੀ ਨਹੀਂ, ਪਹਿਲਾਂ ਜਿੱਥੇ ਬੱਚੇ ਦਾ ਲਿੰਗ ਮੁੰਡਾ ਦੱਸਿਆ ਗਿਆ, ਉੱਥੇ ਦੂਜੇ ਹਸਪਤਾਲ ਦੇ ਰਿਕਾਰਡ ਵਿੱਚ ਉਸ ਨੂੰ ਕੁੜੀ ਦਰਜ ਕੀਤਾ ਗਿਆ। ਇਨ੍ਹਾਂ ਵਿਰੋਧਾਭਾਸੀ ਤੱਥਾਂ ਕਾਰਨ ਪਰਿਵਾਰ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ। ਪਰਿਵਾਰ ਵੱਲੋਂ ਪਹਿਲਾਂ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕਾਰਵਾਈ ਵਿੱਚ ਦੇਰੀ ਹੋਣ ਕਾਰਨ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ , ਬਠਿੰਡਾ : ਬੱਚਾ ਬਦਲੇ ਜਾਣ ਦੇ ਗੰਭੀਰ ਦੋਸ਼ਾਂ ਦਰਮਿਆਨ ਬਠਿੰਡਾ ਵਿੱਚ ਢਾਈ ਮਹੀਨੇ ਦੀ ਬੱਚੀ ਦਾ ਡੀਐੱਨਏ ਟੈਸਟ ਸਰਕਾਰੀ ਡਾਕਟਰਾਂ ਦੇ ਬੋਰਡ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਹੈ। ਇਹ ਜਾਂਚ ਨਿੱਜੀ ਹਸਪਤਾਲ ਦੀ ਡਾਕਟਰ ਖ਼ਿਲਾਫ਼ ਦਰਜ ਐੱਫਆਈਆਰ ਤੋਂ ਬਾਅਦ ਕਰਵਾਈ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਡਿਲੀਵਰੀ ਸਮੇਂ ਉਨ੍ਹਾਂ ਨੂੰ ਮੁੰਡਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਕੁੜੀ ਸੌਂਪ ਦਿੱਤੀ ਗਈ। ਹੁਣ ਡੀਐੱਨਏ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇਗੀ। ਪੁਲਿਸ ਮੁਤਾਬਕ ਡੀਐੱਨਏ ਰਿਪੋਰਟ ਆਉਣ ਵਿੱਚ ਕਰੀਬ ਤਿੰਨ ਮਹੀਨੇ ਦਾ ਸਮਾਂ ਲੱਗੇਗਾ। ਇਹ ਮਾਮਲਾ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਵਿੱਚ ਹੈ। ਪੀੜਤ ਪਰਿਵਾਰ ਨਿੱਜੀ ਹਸਪਤਾਲ ’ਤੇ ਬੱਚਾ ਬਦਲਣ ਦਾ ਦੋਸ਼ ਲਗਾ ਰਿਹਾ ਹੈ, ਜਦਕਿ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਡਿਸਚਾਰਜ ਸਲਿਪ ਵਿੱਚ ਹੋਈ ‘ਕਲੈਰੀਕਲ ਗਲਤੀ’ ਸੀ। ਅਦਾਲਤੀ ਦਖ਼ਲ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਜੋਗੇਵਾਲਾ ਦੇ ਵਸਨੀਕ ਸ਼ਿਵਰਾਜ ਸਿੰਘ ਨੇ ਦੱਸਿਆ ਕਿ 13 ਅਕਤੂਬਰ ਦੀ ਸਵੇਰ ਉਸ ਦੀ ਪਤਨੀ ਜੀਤੋ ਕੌਰ ਨੂੰ ਜਣੇਪਾ ਪੀੜਾਂ ਸ਼ੁਰੂ ਹੋਈਆਂ। ਉਹ ਆਪਣੀ ਸੱਸ ਅਮਰਜੀਤ ਕੌਰ ਅਤੇ ਆਸ਼ਾ ਵਰਕਰ ਅਮਰੀਕ ਕੌਰ ਨਾਲ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ। ਉੱਥੋਂ ਆਸ਼ਾ ਵਰਕਰ ਨੇ ਉਨ੍ਹਾਂ ਨੂੰ ਆਪਣੀ ਜਾਣ-ਪਛਾਣ ਦੀ ਡਾਕਟਰ ਆਸ਼ਾ ਗੋਇਲ ਦੇ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ। ਸਵੇਰੇ ਕਰੀਬ ਸੱਤ ਵਜੇ ਹਸਪਤਾਲ ਪਹੁੰਚਣ ਤੋਂ ਬਾਅਦ ਡਾ. ਆਸ਼ਾ ਗੋਇਲ ਨੇ ਆਪਰੇਸ਼ਨ ਦੀ ਗੱਲ ਕਹੀ ਤੇ ਸਹਿਮਤੀ ਤੋਂ ਬਾਅਦ ਜੀਤੋ ਕੌਰ ਨੂੰ ਦਾਖ਼ਲ ਕਰ ਲਿਆ ਗਿਆ। ਸ਼ਿਵਰਾਜ ਸਿੰਘ ਮੁਤਾਬਕ ਉਨ੍ਹਾਂ ਵੱਲੋਂ 3 ਹਜ਼ਾਰ ਰੁਪਏ ਗੂਗਲ ਪੇ ਰਾਹੀਂ ਅਤੇ 7 ਹਜ਼ਾਰ ਰੁਪਏ ਨਕਦ ਜਮ੍ਹਾਂ ਕਰਵਾਏ ਗਏ। ਸਵੇਰੇ ਕਰੀਬ ਦਸ ਵਜੇ ਡਾਕਟਰ ਆਪਰੇਸ਼ਨ ਥੀਏਟਰ ਤੋਂ ਬਾਹਰ ਆਈ ਅਤੇ ਦੱਸਿਆ ਕਿ ਮੁੰਡਾ ਹੋਇਆ ਹੈ ਪਰ ਉਸ ਦੀ ਹਾਲਤ ਗੰਭੀਰ ਹੈ, ਜਿਸ ਕਾਰਨ ਉਸ ਨੂੰ ਬੱਚਿਆਂ ਦੇ ਹਸਪਤਾਲ ਭੇਜਣਾ ਪਵੇਗਾ। ਇਸ ਤੋਂ ਬਾਅਦ ਬੱਚੇ ਨੂੰ ਐਂਬੂਲੈਂਸ ਰਾਹੀਂ ਦੂਜੇ ਹਸਪਤਾਲ ਲੈ ਜਾਇਆ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਇਸੇ ਦੌਰਾਨ ਉਨ੍ਹਾਂ ਨੂੰ ਬੱਚਾ ਬਦਲੇ ਜਾਣ ਦਾ ਸ਼ੱਕ ਹੋਇਆ। ਪਰਿਵਾਰ ਅਨੁਸਾਰ ਨਿੱਜੀ ਹਸਪਤਾਲ ਵਿੱਚ ਬੱਚੇ ਦਾ ਵਜ਼ਨ 2.6 ਕਿਲੋਗ੍ਰਾਮ ਦਰਜ ਕੀਤਾ ਗਿਆ ਸੀ, ਜਦਕਿ ਦੂਜੇ ਹਸਪਤਾਲ ਵਿੱਚ ਵਜ਼ਨ 3.2 ਕਿਲੋਗ੍ਰਾਮ ਦਰਸਾਇਆ ਗਿਆ। ਐਨਾ ਹੀ ਨਹੀਂ, ਪਹਿਲਾਂ ਜਿੱਥੇ ਬੱਚੇ ਦਾ ਲਿੰਗ ਮੁੰਡਾ ਦੱਸਿਆ ਗਿਆ, ਉੱਥੇ ਦੂਜੇ ਹਸਪਤਾਲ ਦੇ ਰਿਕਾਰਡ ਵਿੱਚ ਉਸ ਨੂੰ ਕੁੜੀ ਦਰਜ ਕੀਤਾ ਗਿਆ। ਇਨ੍ਹਾਂ ਵਿਰੋਧਾਭਾਸੀ ਤੱਥਾਂ ਕਾਰਨ ਪਰਿਵਾਰ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ। ਪਰਿਵਾਰ ਵੱਲੋਂ ਪਹਿਲਾਂ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕਾਰਵਾਈ ਵਿੱਚ ਦੇਰੀ ਹੋਣ ਕਾਰਨ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਵਲ ਲਾਈਨ ਦੇ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਕਿ ਡੀਐੱਨਏ ਟੈਸਟ ਦੀ ਰਿਪੋਰਟ ਕਰੀਬ ਤਿੰਨ ਮਹੀਨੇ ਬਾਅਦ ਆਵੇਗੀ ਅਤੇ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। ਹੁਣ ਪੂਰੇ ਮਾਮਲੇ ਦੀ ਸੱਚਾਈ ਡੀਐੱਨਏ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।