ਨਵੀਂ ਤਕਨਾਲੋਜੀ ਨਾਲ ਪੜ੍ਹਾਈ ਹੋਵੇਗੀ ਹੋਰ ਦਿਲਚਸਪ : ਵਿਧਾਇਕ ਬਣਾਂਵਾਲੀ
ਸੂਬਾ ਸਰਕਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਸਾਰੇ
Publish Date: Thu, 19 Mar 2026 07:20 PM (IST)
Updated Date: Thu, 19 Mar 2026 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੂਬਾ ਸਰਕਾਰ ਦੇ ਵਿਸ਼ੇਸ਼ ਉਪਰਾਲੇ ਤਹਿਤ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਡਿਜੀਟਲ ਯੁੱਗ ਦਾ ਹਾਣੀ ਬਣਾਉਣ ਲਈ ਅਤਿ ਅਧੁਨਿਕ ਇੰਟਰਐਕਟਿਵ ਫ਼ਲੈਟ ਪੈਨਲ (ਆਈਐੱਫ਼ਪੀਜ਼) ਲਾਏ ਗਏ ਹਨ। ਇਸ ਲੜੀ ਤਹਿਤ ਹਲਕਾ ਸਰਦੂਲਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਵਿਖੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅਤਿ ਆਧੁਨਿਕ ਇੰਟਰਐਕਟਿਵ ਫ਼ਲੈਟ ਪੈਨਲ (ਆਈਐੱਫ਼ਪੀਜ਼) ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਤਕਨਾਲੋਜੀ ਦਾ ਸਮਾਂ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਤਕਨਾਲੋਜੀ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਹ ਇੰਟਰਐਕਟਿਵ ਪੈਨਲ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਸਿੱਖਣ ਦਾ ਮੌਕਾ ਦੇਵੇਗਾ। ਇਸ ਨਾਲ ਪੜ੍ਹਾਈ ਹੋਰ ਵੀ ਦਿਲਚਸਪ ਅਤੇ ਆਸਾਨ ਬਣੇਗੀ। ਵਿਦਿਆਰਥੀ ਹੁਣ ਤਸਵੀਰਾਂ, ਵੀਡੀਓਜ਼ ਅਤੇ ਡਿਜ਼ੀਟਲ ਸਮੱਗਰੀ ਰਾਹੀਂ ਵਿਸ਼ਿਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣਗੇ।
ਇਸ ਪੈਨਲ ਦੀ ਮਦਦ ਨਾਲ ਵਿਦਿਆਰਥੀ ਹੋਰ ਮਿਹਨਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਹੱਥਾਂ ਵਿੱਚ ਦੇਸ਼ ਦਾ ਭਵਿੱਖ ਹੈ। ਤੁਸੀਂ ਮਿਹਨਤ ਕਰੋ, ਨਵੀਂ ਤਕਨਾਲੋਜੀ ਦਾ ਸਹੀ ਢੰਗ ਨਾਲ ਲਾਭ ਲਓ ਅਤੇ ਜੀਵਨ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰੋ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਕਮਲਜੀਤ ਕੌਰ ਬਲਾਕ ਨੋਡਲ ਅਫ਼ਸਰ ਝੁਨੀਰ, ਪ੍ਰਿੰਸੀਪਲ ਦਿਲਪ੍ਰੀਤ ਸਿੰਘ, ਜਗਪਾਲ ਸਿੰਘ ਖਹਿਰਾ, ਰਾਜ ਕੁਮਾਰ ਤਾਇਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗਿਆਨ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।