ਸ਼ਹੀਦ ਭਾਈ ਮਤੀ ਦਾਸ ਦੇ ਗੁਰੂਘਰ ਲਈ ਭੇਜੀ ਕਣਕ
ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ ਲੰਗਰ ਲਈ ਕਣਕ ਇਕੱਠੀ ਕੀਤੀ
Publish Date: Mon, 04 May 2026 07:19 PM (IST)
Updated Date: Tue, 05 May 2026 04:14 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿੱਚ ਚੱਲ ਰਹੀ ਲੰਗਰ ਸੇਵਾ ਲਈ ਨਗਰ ਕੋਟਸ਼ਮੀਰ ਵਿੱਚੋਂ ਕਣਕ ਇਕੱਠੀ ਕਰਦਿਆਂ ਸੇਵਾ ਵਿੱਚ ਸ਼ਮੂਲੀਅਤ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਲੰਗਰ ਸੇਵਾ 23 ਮਈ 2003 ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਸ਼ੁਰੂ ਕੀਤੀ ਗਈ ਸੀ, ਜੋ ਅੱਜ ਤਕ ਨਿਰੰਤਰ ਜਾਰੀ ਹੈ। ਇਸ ਸੇਵਾ ਤਹਿਤ ਹਰ ਰੋਜ਼ ਸ਼ਾਮ ਦੇ ਸਮੇਂ ਲਗਭਗ 500 ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਤਾਜ਼ਾ ਲੰਗਰ ਤਿਆਰ ਕਰਕੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਭੇਜਿਆ ਜਾਂਦਾ ਹੈ। ਲੰਗਰ ਸੇਵਾ ਲਈ ਜਿੱਥੇ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸੰਗਤ ਵੱਲੋਂ ਯੋਗਦਾਨ ਦਿੱਤਾ ਜਾਂਦਾ ਹੈ, ਉੱਥੇ ਕੋਟਸ਼ਮੀਰ ਨਗਰ ਦੀ ਸੰਗਤ ਵੱਲੋਂ ਵੀ ਹਰ ਸਾਲ ਵੱਡੀ ਮਾਤਰਾ ਵਿੱਚ ਕਣਕ ਦੀ ਗਰਾਹੀ ਕਰਕੇ ਇਸ ਸੇਵਾ ਵਿੱਚ ਆਪਣਾ ਮਹੱਤਵਪੂਰਨ ਹਿੱਸਾ ਪਾਇਆ ਜਾਂਦਾ ਹੈ। ਇਸ ਸਾਲ ਦੀ ਗਰਾਹੀ ਦੀ ਸ਼ੁਰੂਆਤ ਨਗਰ ਦੇ ਵੱਡੇ ਖੂਹ ਵਿਖੇ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਕਣਕ ਗਰਾਹੀ ਕਰਨ ਆਏ ਸੇਵਾਦਾਰਾਂ ਲਈ ਖਾਸ ਲੰਗਰ ਦਾ ਪ੍ਰਬੰਧ ਕੀਤਾ ਗਿਆ। ਪਿੰਡ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਕਣਕ ਇਕੱਠੀ ਕਰਵਾਈ ਅਤੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਤੀ ਦਾਸ ਨਗਰ ਬਠਿੰਡਾ ਵੱਲੋਂ ਕੋਟਸ਼ਮੀਰ ਦੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।