ਐੱਨਡੀਆਰਐੱਫ਼ ਟੀਮ 4 ਤੋਂ 16 ਮਈ ਤਕ ਕਰੇਗੀ ਮੌਕ ਡਰਿੱਲ : ਡੀਸੀ
ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤਾਂ ਦੇ ਸੰਭਾਵੀ
Publish Date: Mon, 27 Apr 2026 07:20 PM (IST)
Updated Date: Tue, 28 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕੁਦਰਤੀ ਆਫ਼ਤਾਂ ਸੰਭਾਵੀ ਖ਼ਤਰਿਆਂ ਨਾਲ ਨਜਿੱਠਣ ਅਤੇ ਜ਼ਿਲ੍ਹੇ ਦੀ ਤਿਆਰੀ ਨੂੰ ਵਧੇਰੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਐੱਨਡੀਆਰਐੱਫ਼ ਬਠਿੰਡਾ ਦੀ 7ਵੀਂ ਬਟਾਲੀਅਨ ਦੀ 26 ਮੈਂਬਰੀ ਟੀਮ 4 ਤੋਂ 16 ਮਈ ਤੱਕ ਜ਼ਿਲ੍ਹਾ ਮਾਨਸਾ ਵਿਖੇ ਮੌਕ ਡਰਿੱਲ ਅਤੇ ਜਾਗਰੂਕਤਾ ਅਭਿਆਨ ਚਲਾਏਗੀ। ਇਹ ਪ੍ਰਗਟਾਵਾ ਡੀਸੀ ਮਾਨਸਾ ਨਵਜੋਤ ਕੌਰ ਆਈਏਐੱਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਡੀਆਰਐੱਫ਼ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਐੱਨਡੀਆਰਐੱਫ਼ ਵੱਲੋਂ ਵੱਖ-ਵੱਖ ਥਾਵਾਂ 'ਤੇ ਮੌਕ ਡਰਿੱਲਾਂ ਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਇਸ ਤਹਿਤ ਸਮੂਹ ਉਪ ਮੰਡਲ ਮੈਜਿਸਟ੍ਰੇਟ ਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਅਭਿਆਸ ਦੌਰਾਨ ਐੱਨਡੀਆਰਐੱਫ ਟੀਮ ਨੂੰ ਪੂਰਨ ਸਹਿਯੋਗ ਦੇਣ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਵੱਖ-ਵੱਖ ਸਰਕਾਰੀ ਏਜੰਸੀਆਂ, ਪੁਲਿਸ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣਾ ਅਤੇ ਬਚਾਅ ਕਾਰਜਾਂ ਦੀ ਗਤੀ ਨੂੰ ਤੇਜ਼ ਕਰਨਾ ਹੈ। ਐੱਨਡੀਆਰਐੱਫ ਦੀ ਸਬ ਟੀਮ ਦੇ ਸਬ ਇੰਸਪੈਕਟਰ ਸ਼੍ਰੀ ਧਰਮਾਂਸ਼ੁ ਯਾਦਵ ਨੇ ਦੱਸਿਆ ਕਿ ਟੀਮ, ਜ਼ਮੀਨੀ ਪੱਧਰ 'ਤੇ ਜ਼ਿਲ੍ਹੇ ਦੇ ਵੱਖ-ਵੱਖ ਤੱਥਾਂ ਅਤੇ ਸਥਿਤੀਆਂ ਦਾ ਜਾਇਜ਼ਾ ਲਵੇਗੀ ਤੇ ਸਕੂਲਾਂ ਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਨੁਕਤੇ ਸਿਖਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਐਮਰਜੰਸੀ ਹਾਲਾਤ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਲਈ ਵਿਸਤ੍ਰਿਤ ਯੋਜਨਾਬੰਦੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਤਿਆਰੀ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਭੂਚਾਲ, ਲੂ ਅਤੇ ਅੱਤ ਦੀ ਗਰਮੀ, ਸੋਕਾ ਹੋਣ ਵਰਗੀਆਂ ਸਥਿਤੀਆਂ ਤੇ ਗ਼ੈਰ-ਕੁਦਰਤੀ ਆਫ਼ਤਾਂ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ ਜਾਂ ਉਦਯੋਗਿਕ ਹਾਦਸੇ ਤੋਂ ਬਚਾਅ ’ਤੇ ਕੇਂਦਰਿਤ ਹੋਵੇਗੀ। ਇਸ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦਾ ਅਭਿਆਸ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਪੇਸ਼ੇਵਰ ਢੰਗ ਨਾਲ ਕੀਤਾ ਜਾ ਸਕੇ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਮਾਨਸਾ ਬਲਜੀਤ ਕੌਰ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਐੱਸਡੀਐੱਮ ਹਰਜਿੰਦਰ ਸਿੰਘ ਜੱਸਲ, ਐਸ.ਪੀ. ਪ੍ਰਦੀਪ ਸਿੰਘ ਸੰਧੂ ਅਤੇ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।